ਚੰਡੀਗੜ੍ਹ: ਸ਼ਹਿਰ ’ਚ ਪੰਜਾਬ ਕਾਂਗਰਸ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਈਡੀ ਵੱਲੋਂ ਸੋਨੀਆ ਗਾਂਧੀ ਨੂੰ ਲਗਾਤਾਰ ਤਲਬ ਕੀਤੇ ਜਾਣ ਅਤੇ ਜਾਣਬੁੱਝ ਕੇ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ। ਕਾਂਗਰਸੀਆਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਰੋਸ ਮਾਰਚ ਵੀ ਕੱਢਿਆ ਜਿਸ ਚ ਕਈ ਕਾਂਗਰਸੀ ਆਗੂ ਮੌਜੂਦ ਰਹੇ।
ਮਿਲੀ ਜਾਣਕਾਰੀ ਮੁਤਾਬਿਕ ਪ੍ਰਦਰਸ਼ਨ ’ਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਵਿਧਾਇਕ ਪ੍ਰਗਟ ਸਿੰਘ, ਸਾਬਕਾ ਵਿਧਾਇਕ ਭਾਰਤ ਭੂਸ਼ਣ ਆਸ਼ੂ, ਸ਼ੇਰ ਸਿੰਘ ਘੁਬਾਇਆ, ਐਮ.ਪੀ. ਗੁਰਜੀਤ ਸਿੰਘ ਔਜਲਾ, ਕੁਲਜੀਤ ਸਿੰਘ ਨਾਗਰਾ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ,ਦੀਪਇੰਦਰ ਸਿੰਘ ਢਿੱਲੋਂ, ਤ੍ਰਿਪਤਇੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਬਾਜਵਾ ਸਣੇ ਕਈ ਹੋਰ ਸਾਬਕਾ ਅਤੇ ਮੌਜੂਦਾ ਵਿਧਾਇਕ ਸ਼ਾਮਲ ਹੋਏ। ਇਸ ਦੌਰਾਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਦੇ ਨਾਲ-ਨਾਲ ਕਾਂਗਰਸ ਦੇ ਯੂਥ ਵਰਕਰਾਂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਯੂਥ ਪ੍ਰਧਾਨ ਅਤੇ ਪ੍ਰਧਾਨ 'ਤੇ ਪਾਣੀ ਦੀਆਂ ਤੋਪਾਂ ਵੀ ਚਲਾਈਆਂ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ 'ਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਹੈ ਅਤੇ ਬਾਅਦ ’ਚ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਜਾਇਆ ਗਿਆ।
ਦੱਸ ਦਈਏ ਕਿ ਜਿਵੇਂ ਹੀ ਕਾਂਗਰਸੀ ਰੈਲੀ ਲਈ ਸੈਕਟਰ 35 ਦੇ ਕਾਂਗਰਸ ਭਵਨ ਤੋਂ ਬਾਹਰ ਨਿਕਲੇ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਸੈਕਟਰ 34/35 ਚੌਕ ਵਿੱਚ ਹੀ ਰੋਕ ਲਿਆ। ਜਿੱਥੇ ਉਨ੍ਹਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਕਾਂਗਰਸ ਦਾ ਇਹ ਰੋਸ ਮਾਰਚ ਸੈਕਟਰ 35 ਤੋਂ ਸ਼ੁਰੂ ਹੋ ਕੇ ਈਡੀ ਦਫ਼ਤਰ ਤੱਕ ਜਾਣਾ ਸੀ।
ਇਹ ਵੀ ਪੜੋ: 'ਆਪ' ਦੀ ਗੈਂਗਸਟਰਾਂ ਨੂੰ ਅਪੀਲ: ਹਿੰਸਾ ਛੱਡ, ਮੁੱਖ ਧਾਰਾ ਵਿੱਚ ਵਾਪਸ ਆਓ