ਨਾਂਦੇੜ ਸਾਹਿਬ: ਮਹਾਰਾਸ਼ਟਰ ਦੇ ਨਾਂਦੇੜ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਨਗਰ ਕੀਰਤਨ ਕੱਢਣ ਦੀ ਇਜ਼ਾਜਤ ਨਾ ਦੇਣ ਦੇ ਬਾਅਦ ਤਲਵਾਰਾਂ ਤੋਂ ਲੈਸ ਸਿੱਖਾਂ ਦੇ ਇਕੱਠ ਨੇ ਸੋਮਵਾਰ ਨੂੰ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕਰ ਦਿੱਤਾ। ਜਿਸ ਵਿੱਚ ਘੱਟੋ-ਘੱਟ ਚਾਰ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਮਾਮਲੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 18 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉੱਥੇ ਹੀ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਦੰਗਾ ਅਤੇ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਦੇ ਤਹਿਤ ਐਫਆਈਆਰ ਦਰਜ ਕੀਤਾ ਗਿਆ ਹੈ।
ਨਾਂਦੇੜ ਰੇਂਜ ਦੇ ਡੀਆਈਜੀ ਨਿਸਾਰ ਤੰਬੋਲੀ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਕੋਰੋਨਾ ਲਾਗ ਕਾਰਨ ਹਾਲਾਤ ਬੇਹੱਦ ਖ਼ਰਾਬ ਹਨ, ਜਿਸ ਕਾਰਨ ਸਿੱਖਾਂ ਨੂੰ ਹੋਲਾ ਮੁਹੱਲਾ ਸਬੰਧੀ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਗੁਰਦੁਆਰਾ ਕਮੇਟੀ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਉਹ ਸਾਡੇ ਨਿਰਦੇਸ਼ਾਂ ਦੀ ਪਾਲਣਾ ਕਰਨਗੇ ਅਤੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਅੰਦਰ ਕਰਨਗੇ।
ਉਨ੍ਹਾਂ ਕਿਹਾ ਕਿ ਹਾਲਾਕਿ ਜਦੋਂ ਨਿਸ਼ਾਨ ਸਾਹਿਬ ਨੂੰ ਸ਼ਾਮ 4 ਵਜੇ ਦਰਵਾਜ਼ੇ ਉੱਤੇ ਬੈਰੀਕੇਡਿੰਗ ਲਾਇਆ ਗਿਆ ਤਾਂ ਕਈ ਲੋਕਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ 300 ਤੋਂ ਵੱਧ ਨੌਜਵਾਨ ਦਰਵਾਜ਼ੇ ਦੇ ਕੋਲ ਲੱਗੀ ਬੈਰੀਕੇਡਿੰਗ ਤੋੜ ਕੇ ਬਾਹਰ ਆ ਗਏ ਤੇ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਚਾਰ ਵਿੱਚੋਂ ਇੱਕ ਹਵਲਦਾਰ ਦੀ ਹਾਲਤ ਜ਼ਿਆਦਾ ਗੰਭੀਰ ਹੈ ਤੇ ਪੁਲਿਸ ਦੇ 6 ਵਾਹਨ ਨੂੰ ਵੀ ਨੁਕਸਾਨ ਹੋਇਆ।
ਡੀਆਈਜੀ ਮੁਤਾਬਕ ਪੁਲਿਸ ਨੇ 410 ਲੋਕਾਂ ਖ਼ਿਲਾਫ਼ ਧਾਰਾ 307,324, 188, 269 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ 18 ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।