ਬੇਮੇਤਰਾ/ਛੱਤੀਸਗੜ੍ਹ: ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ਦੇ ਸਾਜਾ ਵਿਧਾਨ ਸਭਾ ਹਲਕੇ ਦੇ ਪਿੰਡ ਬਿਰਨਪੁਰ ਵਿੱਚ ਸ਼ਨੀਵਾਰ ਨੂੰ ਬੰਗਾਲ ਅਤੇ ਬਿਹਾਰ ਵਿੱਚ ਹੋਈ ਹਿੰਸਾ ਵਰਗੀ ਸਥਿਤੀ ਬਣ ਗਈ। ਖੇਡ-ਖੇਡ ਵਿੱਚ ਬੱਚਿਆਂ ਦੀ ਲੜਾਈ ਤੋਂ ਸ਼ੁਰੂ ਹੋਇਆ ਝਗੜਾ ਖੂਨੀ ਝੜਪ ਵਿੱਚ ਤਬਦੀਲ ਹੋ ਗਿਆ ਤੇ ਇਸ ਦੋ ਧਿਰਾਂ ਦੇ ਝਗੜੇ ਦੌਰਾਨ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਮਾਮਲਾ ਹੋਰ ਵੀ ਜਿਆਦਾ ਗਰਮਾ ਗਿਆ।
ਧਾਰਾ 144 ਲਾਗੂ: ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ 'ਤੇ ਲੋਕਾਂ ਨੇ ਪਥਰਾਅ ਕੀਤਾ। ਇਸ ਪਥਰਾਅ ਵਿੱਚ ਸਾਜਾ ਥਾਣੇ ਦੇ ਥਾਣੇਦਾਰ ਬੀਆਰ ਠਾਕੁਰ ਗੰਭੀਰ ਜ਼ਖ਼ਮੀ ਹੋ ਗਏ ਹਨ। ਦੋ ਹੋਰ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਹਨ। ਪਿੰਡ ਵਿੱਚ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਛੱਤੀਸਗੜ੍ਹ 'ਚ ਫਿਰਕੂ ਦੰਗੇ ਹੋਣਾ ਮੰਦਭਾਗਾ: ਪਿੰਡ ਬਿਰਨਪੁਰ 'ਚ ਫਿਰਕੂ ਹਿੰਸਾ ਤੋਂ ਬਾਅਦ ਭਾਜਪਾ ਨੇ ਇਸ ਘਟਨਾ ਨੂੰ ਦਿਲ ਦਹਿਲਾਉਣ ਵਾਲੀ ਦੱਸਦੇ ਹੋਏ ਭੂਪੇਸ਼ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਮਨ ਸਿੰਘ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਇਸ ਤਰ੍ਹਾਂ ਦੀ ਹਿੰਸਾ ਹੋਣਾ ਬਹੁਤ ਵੱਡੀ ਗੱਲ ਹੈ। ਇੱਕ ਵਿਸ਼ੇਸ਼ ਸਮਾਜ ਦੇ ਲੋਕਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ।
ਬੇਮੇਤਰਾ 'ਚ ਦੋ ਧਿਰਾਂ 'ਚ ਝਗੜੇ ਦਾ ਮਾਮਲਾ: ਵਿਰੋਧੀ ਧਿਰ ਦੇ ਸਾਬਕਾ ਨੇਤਾ ਧਰਮਲਾਲ ਕੌਸ਼ਿਕ ਨੇ ਕਿਹਾ ਕਿ ਕਵਾਰਧਾ ਦੀ ਅੱਗ ਵੀ ਅਜੇ ਬੁਝੀ ਨਹੀਂ ਹੈ ਅਤੇ ਬੇਮੇਤਰਾ 'ਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬੇਮੇਤਰਾ 'ਚ ਵਾਪਰੀ ਘਟਨਾ ਕਾਰਨ ਪੂਰੇ ਛੱਤੀਸਗੜ੍ਹ 'ਚ ਤਣਾਅ ਦਾ ਮਾਹੌਲ ਹੈ। ਇਹ ਸਿਰਫ਼ ਇੱਕ ਦਿਨ ਦੀ ਘਟਨਾ ਨਹੀਂ ਹੈ। ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ।
ਸਾਬਕਾ ਨੇਤਾ ਕੌਸ਼ਿਕ ਨੇ ਦੱਸਿਆ ਕਿ "ਕੁਝ ਦਿਨ ਪਹਿਲਾਂ ਮੰਦਿਰ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਦੌਰਾਨ ਵੀ ਝਗੜਾ ਹੋਇਆ। ਇਸ ਤੋਂ ਪਹਿਲਾਂ, ਦੋਹਾਂ ਧਿਰਾਂ ਵਿਚਾਲੇ ਕੁੜੀ ਤੇ ਮੁੰਡੇ ਦੇ ਵਿਆਹ ਨੂੰ ਲੈ ਕੇ ਵੀ ਹੰਗਾਮੇ ਦਾ ਮਾਹੌਲ ਬਣਿਆ। ਉਹ ਸ਼ਿਕਾਇਤ ਕਰਨ ਵੀ ਗਏ ਸਨ, ਪਰ ਸਰਕਾਰ ਨੇ ਇਸ ਮਾਮਲੇ ਨੂੰ ਅਣਗੌਲਿਆ ਕਰ ਕੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦਾ ਨਤੀਜਾ ਉਕਤ ਨੌਜਵਾਨ ਅਤੇ ਉਸ ਦੇ ਪਰਿਵਾਰ ਨੂੰ ਭੁਗਤਣਾ ਪਿਆ ਹੈ। ਇਲਾਕੇ 'ਚ ਦੋ ਧਿਰਾਂ ਵਿਚਾਲੇ ਚੱਲ ਰਹੀ ਇਸ ਖਿੱਚੋਤਾਣ ਦਾ ਸਰਕਾਰ ਨੂੰ ਵੀ ਪਤਾ ਲੱਗਾ ਸੀ ਅਤੇ ਉਨ੍ਹਾਂ ਦੇ ਮੰਤਰੀ ਵੀ ਉੱਥੇ ਪਹੁੰਚੇ ਸੀ, ਪਰ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇਕਰ ਕਾਰਵਾਈ ਪਹਿਲਾਂ ਕੀਤੀ ਜਾਂਦੀ, ਤਾਂ ਹਿੰਸਾ ਨਾ ਹੁੰਦੀ।"
ਇਹ ਵੀ ਪੜ੍ਹੋ: Inder Iqbal Singh Resigned: ਅਕਾਲੀ ਦਲ ਨੂੰ ਝਟਕਾ, ਇੰਦਰ ਇਕਬਾਲ ਸਿੰਘ ਨੇ ਦਿੱਤਾ ਅਸਤੀਫ਼ਾ, ਭਾਜਪਾ ਦਾ ਫੜ ਸਕਦੇ ਨੇ ਪੱਲਾ