ਵਾਸ਼ਿੰਗਟਨ: ਅਮਰੀਕਾ ‘ਚ ਜੋਅ ਬਾਈਡਨ ਪ੍ਰਸ਼ਾਸਨ ਦੇ ਸ਼ਰਨਾਰਥੀਆਂ ਲਈ ਨੀਤੀ ਬਦਲਣ ਦੇ ਫੈਸਲੇ ਤੋਂ ਬਾਅਦ ਮੈਕਸੀਕੋ ‘ਚ ਰਹਿਣ ਵਾਲਿਆਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨੂੰ ਬਦਲਣ ਦੇ ਨਾਲ, ਸ਼ਰਨਾਰਥੀਆਂ ਦੇ ਇੱਕ ਸਮੂਹ ਨੂੰ ਨਵੀਂ ਨੀਤੀ ਤਹਿਤ ਅਮਰੀਕਾ ‘ਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਹੈ।
ਮੈਕਸੀਕੋ ‘ਚ ਲਗਭਗ 25,000 ਲੋਕ ਅਮਰੀਕਾ ਵਿੱਚ ਸ਼ਰਣ ਲੈਣ ਲਈ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਵਿਚੋਂ 25 ਲੋਕਾਂ ਨੂੰ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਹੈ। ਇਨ੍ਹਾਂ ਲੋਕਾਂ ਨੂੰ ਅਦਾਲਤ ‘ਚ ਆਪਣੇ ਚੱਲ ਰਹੇ ਮਾਮਲਿਆਂ ਦੀ ਸੁਣਵਾਈ ਵਿੱਚ ਹਿੱਸਾ ਲੈਣ ਲਈ ਦੇਸ਼ ਆਉਣ ਦੀ ਆਗਿਆ ਦਿੱਤੀ ਗਈ ਹੈ। ਵੱਡੀ ਗਿਣਤੀ ਵਿਚ ਪ੍ਰਵਾਸੀਆਂ ਦੇ ਆਉਣ ਦੀ ਸੰਭਾਵਨਾ ਦੇ ਚੱਲਦਿਆਂ, ਅਮਰੀਕੀ ਅਧਿਕਾਰੀਆਂ ਨੇ ਲੋਕਾਂ ਨੂੰ ਸਰਹੱਦ 'ਤੇ ਨਾ ਆਉਣ ਅਤੇ ਉਨ੍ਹਾਂ ਨੂੰ ਸ਼ਰਨਾਰਥੀ ਲਈ ਪਹਿਲਾਂ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨ ਦੀ ਵੈੱਬਸਾਈਟ ’ਤੇ ਰਜਿਸਟਰ ਕਰਨ ਲਈ ਕਿਹਾ ਹੈ।
ਮੈਕਸੀਕੋ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਇਕਾਂਤਵਾਸ ‘ਚ ਰੱਖਣ ਲਈ ਸਾਨ ਡੀਏਗੋ ਦੇ ਹੋਟਲ ‘ਚ ਲ਼ੈਜਾਇਆ ਜਾ ਰਿਹਾ ਹੈ। ਇਕਾਂਤਵਾਸ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਉਹ ਅਮਰੀਕਾ ‘ਚ ਆਪਣੇ ਰਿਸ਼ਤੇਦਾਰਾਂ, ਦੋਸਤਾਂ ਜਾਂ ਹੋਰ ਸਥਾਨਾਂ 'ਤੇ ਜਾ ਸਕਣਗੇ। ਮੈਕਸੀਕੋ ਨਾਲ ਲੱਗਦੀ ਸਰਹੱਦ 'ਤੇ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਟਿਜੁਆਨਾ ਸਰਹੱਦ 'ਤੇ ਸ਼ੁੱਕਰਵਾਰ ਨੂੰ ਲਗਭਗ 100 ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਅਮਰੀਕਾ ‘ਚ ਦਾਖਲ ਹੋਣ ਦੇਣ ਦੀ ਬੇਨਤੀ ਕੀਤੀ। ਹਾਲਾਂਕਿ ਅਧਿਕਾਰੀਆਂ ਨੇ ਉਸ ਨੂੰ ਅਮਰੀਕਾ ‘ਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ।