ਚੰਡੀਗੜ੍ਹ: ਪ੍ਰੋ. ਚੰਦੂਮਾਜਰਾ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਫਦ ਵੱਲੋਂ ਗੁੜਗਾਓਂ ਦੇ ਹਸਪਤਾਲ ’ਚ ਦਾਖਲ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨਾਲ ਮੁਲਾਕਾਤ ਕੀਤੀ। ਅਕਾਲੀ ਦਲ ਮੁਤਾਬਕ ਵਿਰਕ ਦੀ ਹਾਲਤ ਸਥਿਰ ਹੈ ਤੇ ਉਹ ਛੇਤੀ ਹੀ ਸਰਗਰਮ ਹੋਣਗੇ। ਚੰਦੂਮਾਜਰਾ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਵਫਦ ਵਿੱਚ ਸ਼ਾਮਲ ਸੀ। ਇਧਰ ਅਕਾਲੀ ਦਲ ਨੇ ਕਿਹਾ ਹੈ ਕਿ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਵੱਲੋਂ ਵਿਰਕ ਦੇ ਇਲਾਜ ਦਾ ਖਰਚਾ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਚੁੱਕਣ ਦਾ ਐਲਾਨ ਕੀਤਾ ਗਿਆ ਹੈ।
ਮੇਦਾਂਤਾ ‘ਚ ਦਾਖ਼ਲ ਹੈ ਵਿਰਕ
ਯੂ ਪੀ ਦੇ ਤਰਾਈ ਇਲਾਕੇ ਦੇ ਕਿਸਾਨ ਆਗੂ (Farmer Leader) ਤੇ ਸੰਯੁਕਤ ਕਿਸਾਨ ਮੋਰਚੇ (Sanyukt Kisan Morcha) ਦੇ ਮੈਂਬਰ ਤੇਜਿੰਦਰ ਸਿੰਘ ਵਿਰਕ ਦਾ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਵਿੱਚ ਇਲਾਜ ਅਧੀਨ ਹਨ। ਵਿਰਕ ਨਾਲ ਮੀਟਿੰਗ ਮਗਰੋਂ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਤੇ ਸਰਦਾਰ ਸਿਰਸਾ ਨੇ ਦੱਸਿਆ ਕਿ ਲਖੀਮਪੁਰ ਖੇੜੀ ਵਿਚ ਕਿਸਾਨਾਂ ’ਤੇ ਹੋਏ ਹਮਲੇ ਦਾ ਨਿਸ਼ਾਨਾ ਤੇਜਿੰਦਰ ਸਿੰਘ ਵਿਰਕ ਸਨ ਅਤੇ ਇਸ ਹਮਲੇ ਦੀਆਂ ਵਾਇਰਲ ਵੀਡੀਓ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਰਕ ਨੂੰ 20 ਮੀਟਰ ਤੱਕ ਗੱਡੀ ਹੇਠ ਘੜੀਸਿਆ ਗਿਆ ਤੇ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ 4 ਘੰਟੇ ਤੱਕ ਚੱਲਿਆ ਅਪਰੇਸ਼ਨ ਸਫਲ ਰਿਹਾ ਹੈ ਤੇ ਵਿਰਕ ਦੀ ਸਿਹਤ ਹੁਣ ਸਥਿਰ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਰਦਾਰ ਵਿਰਕ ਜਲਦੀ ਹੀ ਮੁੜ ਤੋਂ ਕਿਸਾਨ ਸੰਘਰਸ਼ ਦਾ ਹਿੱਸਾ ਹੋਣਗੇ।
ਫਿਰਕੂ ਰੰਗਤ ਦੇਣ ਦਾ ਯਤਨ ਹੋ ਰਿਹੈ-ਚੰਦੂਮਾਜਰਾ
ਇਸ ਮੌਕੇ ਪ੍ਰੋ. ਚੰਦੂਮਾਜਰਾ ਤੇ ਸਰਦਾਰ ਸਿਰਸਾ ਨੇ ਕਿਹਾ ਕਿ ਇਸ ਸਾਰੇ ਮਾਮਲੇ ਨੂੰ ਫਿਰਕੂ ਰੰਗਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਅਸੀਂ ਸਾਰਿਆਂ ਨੇ ਸ਼ਾਂਤੀ ਤੇ ਸੰਜਮ ਨਾਲ ਇਹ ਲੜਾਈ ਲੜਨੀ ਹੈ ਜੋ ਕਿਸਾਨੀ ਦੀ ਤੇ ਦੇਸ਼ ਦੀ ਲੜਾਈ ਹੈ। ਇਸ ਮੌਕੇ ਵਫਦ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਸਰਦਾਰ ਤੇਜਿੰਦਰ ਸਿੰਘ ਵਿਰਕ ਨਾਲ ਫੋਨ ’ਤੇ ਗੱਲਬਾਤ ਕਰਵਾਈ। ਬਾਦਲ ਨੇ ਵਿਰਕ ਦੇ ਛੇਤੀ ਤੰਦਰੁਸਤ ਹੋ ਕੇ ਕਿਸਾਨੀ ਦੀ ਸੇਵਾ ਵਿਚ ਜੁੱਟਣ ਦੀ ਅਰਦਾਸ ਕੀਤੀ।
ਵਿਰਕ ਨੇ ਸ਼ਾਂਤੀ ਦੀ ਕੀਤੀ ਅਪੀਲ
ਇਸ ਮੌਕੇ ਸਰਦਾਰ ਤੇਜਿੰਦਰ ਸਿੰਘ ਵਿਰਕ ਨੇ ਆਪਣੇ ਸਾਥੀ ਕਿਸਾਨਾਂ ਨੁੰ ਅਪੀਲ ਕੀਤੀ ਕਿ ਉਹ ਸ਼ਾਂਤੀ ਤੇ ਸੰਜਮ ਕਾਇਮ ਰੱਖਣ ਤੇ ਕਿਹਾ ਕਿ ਆਪਾਂ ਸਾਰਿਆਂ ਨੇ ਰਲ ਕੇ ਇਹ ਲੜਾਈ ਜਿੱਤਣੀ ਹੈ। ਉਨ੍ਹਾਂ ਕਿਹਾ ਕ ਮੈਂ ਹੁਣ ਠੀਕ ਹਾਂ ਤੇ ਇਹ ਸਭ ਸਾਥੀਆਂ ਦੀਆਂ ਦੁਆਵਾਂ ਤੇ ਪਰਮਾਤਮਾ ਦੀ ਮਿਹਰ ਸਦਕਾ ਹੀ ਸੰਭਵ ਹੋਇਆ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਉਹ ਜਲਦੀ ਹੀ ਅੰਦੋਲਨ ਲਈ ਸਰਗਰਮ ਹੋਣਗੇ।
ਇਹ ਵੀ ਪੜ੍ਹੋ:ਅਕਾਲੀ ਦਲ ਵੱਲੋਂ ਕੇਂਦਰ ਅਤੇ ਯੂਪੀ ਸਰਕਾਰ ਦਾ ਜ਼ੋਰਦਾਰ ਵਿਰੋਧ