ਚੰਡੀਗੜ੍ਹ: ਵੀਰਵਾਰ ਨੂੰ ਟਿਕਰੀ ਬਾਰਡਰ ‘ਤੇ ਹਰਿਆਣਾ ਦੀ ਕਈ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਹਰਿਆਣਾ ਸੰਯੁਕਤ ਕਿਸਾਨ ਮੋਰਚਾ ਦਾ ਗਠਨ ਕੀਤਾ ਗਿਆ। ਗੁਰਨਾਮ ਸਿੰਘ ਚਢੂਨੀ ਨੂੰ ਹਰਿਆਣਾ ਸੰਯੁਕਤ ਕਿਸਾਨ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ ਹੈ।
ਇਸ ਮੌਕੇ ਗੁਰਨਾਮ ਸਿੰਘ ਚਢੂਨੀ ਨੇ ਸਰਕਾਰ ਦੇ ਪ੍ਰਸਤਾਵ ਨੂੰ ਧੋਖਾ ਕਰਾਰ ਦਿੱਤਾ, ਜਿਸ ਵਿੱਚ ਡੇਢ ਸਾਲ ਲਈ ਕਾਨੂੰਨਾਂ ਉੱਤੇ ਪਾਬੰਦੀ ਲਗਾਈ ਜਾਣ ਦੀ ਗੱਲ ਕਹਿ ਗਈ ਹੈ। ਚਢੂਨੀ ਨੇ ਕਿਹਾ ਕਿ ਸਰਕਾਰ 26 ਜਨਵਰੀ ਨੂੰ ਕਿਸਾਨ ਪਰੇਡ ਨੂੰ ਮੁਲਤਵੀ ਕਰਨ ਲਈ ਅਜਿਹਾ ਪ੍ਰਸਤਾਵ ਲੈ ਕੇ ਆਈ ਹੈ। ਸਰਕਾਰ ਦੇ ਪ੍ਰਸਤਾਵ ਉੱਤੇ ਆਖਰੀ ਚਰਚਾ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਵਿੱਚ ਹੋਵੇਗੀ ਤਦੀਂ ਕੋਈ ਫ਼ੈਸਲਾ ਲਿਆ ਜਾਵੇਗਾ।
ਗੁਰਨਾਮ ਚਢੂਨੀ ਨੇ ਕਿਹਾ ਕਿ 22 ਜਨਵਰੀ ਨੂੰ ਵੀ ਸਰਕਾਰ ਨਾਲ ਮੀਟਿੰਗ ਹੈ। ਸਰਕਾਰ ਨਾਲ ਮੀਟਿੰਗ ਵਿੱਚ ਕੋਈ ਹੱਲ ਲੱਭਣ ਦੀ ਬਹੁਤ ਘੱਟ ਉਮੀਦ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਮੀਟਿੰਗ ਵਿੱਚ ਗੱਲਬਾਤ ਘੱਟ, ਬਰੇਕ ਜ਼ਿਆਦਾ ਹੁੰਦੀ ਹੈ। ਟਰੈਕਟਰ ਪਰੇਡ ਨੂੰ ਲੈ ਕੇ ਚਢੂਨੀ ਨੇ ਦੱਸਿਆ ਕਿ 26 ਜਨਵਰੀ ਨੂੰ ਆਉਂਟਰ ਰਿੰਗ ਉੱਤੇ ਨਿਕਲੇਗੀ, ਜਿਸ ਵਿੱਚ ਕਿਸਾਨਾਂ ਨਾਲ ਔਰਤਾਂ ਵੀ ਸ਼ਾਮਲ ਹੋਣਗੀਆਂ।
ਗੁਰਨਾਮ ਚਢੂਨੀ ਸੰਯੁਕਤ ਕਿਸਾਨ ਮੋਰਚੇ ਤੋਂ ਮੁਅੱਤਲ
ਜ਼ਿਕਰਯੋਗ ਹੈ ਕਿ ਗੁਰਨਾਮ ਸਿੰਘ ਚਢੂਨੀ ਨੂੰ ਰਾਜਨੀਤਿਕ ਪਾਰਟੀਆਂ ਨਾਲ ਗੱਠਜੋੜ ਦੇ ਦੋਸ਼ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਗੁਰਨਾਮ ਸਿੰਘ ਚਢੂਨੀ 'ਤੇ ਦੋਸ਼ ਹੈ ਕਿ ਉਹ ਕਾਂਗਰਸ ਦੇ ਆਗੂਆਂ ਨਾਲ ਨਿਰੰਤਰ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ।
ਗੁਰਨਾਮ ਸਿੰਘ ਵੱਲੋਂ 22 ਅਤੇ 23 ਜਨਵਰੀ ਨੂੰ ਇੱਕ ਕਿਸਾਨ ਸੰਸਦ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਾਂਗਰਸ ਅਤੇ ਆਪ ਸਮੇਤ ਹੋਰ ਸਾਬਕਾ ਵਿਧਾਇਕਾਂ, ਸੰਸਦ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਇਸ ਕਿਸਾਨ ਸਾਂਸਦ ਦੇ ਲਈ ਵੀ ਸੰਯੁਕਤ ਕਿਸਾਨ ਮੋਰਚਾ ਤੋਂ ਪਰਮਿਸ਼ਨ ਨਹੀਂ ਲਈ ਗਈ ਹੈ।