ਨਵੀਂ ਦਿੱਲੀ: ਅਮੇਜ਼ਨ ਵਿਵਾਦ ਨੂੰ ਲੈ ਕੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਨੇ ਉਦਯੋਗਪਤੀ ਨਾਰਾਇਣ ਮੂਰਤੀ ਦੀ ਕੰਪਨੀ ਕਲਾਉਡਟੇਲ ਨਾਲ ਸਬੰਧਾਂ ਬਾਰੇ ਵੱਡਾ ਸਵਾਲ ਖੜ੍ਹਾ ਕੀਤਾ ਹੈ। ਕੈਟ ਦਾ ਕਹਿਣਾ ਹੈ ਕਿ ਅਮੇਜ਼ਨ ਦੁਆਰਾ ਜਿਨ੍ਹਾਂ ਭਾਰਤੀ ਨੀਤੀਆਂ, ਕਾਨੂੰਨਾਂ ਅਤੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਉਸ ਵਿੱਚ ਕਲਾਉਡਟੇਲ ਕੰਪਨੀ ਅਮੇਜ਼ਨ ਦਾ ਪੂਰਾ ਸਮਰਥਨ ਕਰ ਰਹੀ ਹੈ, ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਇਸ ਬਾਰੇ ਕੈਟ ਨੇ ਕੇਂਦਰੀ ਵਣਜ ਮੰਤਰੀ ਪਿਯੂਸ਼ ਗੋਇਲ ਨੂੰ ਇੱਕ ਪੱਤਰ ਲਿਖਿਆ ਹੈ।
ਪਿਯੂਸ਼ ਗੋਇਲ ਨੂੰ ਪੱਤਰ ਲਿਖ ਕੇ ਕੀਤੀ ਕਾਰਵਾਈ ਦੀ ਮੰਗ
ਕੈਟ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਸਿਰਫ਼ ਅਮੇਜਨ ਹੀ ਨਹੀਂ, ਬਲਕਿ ਭਾਰਤ ਵਿੱਚ ਇਸ ਦੇ ਸਾਂਝੇ ਉੱਦਮ ਅਤੇ ਕਈ ਹੋਰ ਕੰਪਨੀਆਂ ਜਿਹੜੀਆਂ ਅਮੇਜ਼ਨ ਨਾਲ ਮਿਲ ਕੇ ਭਾਰਤੀ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਕਰ ਰਹੀਆਂ ਹਨ। ਨਾਲ ਹੀ, ਦੇਸ਼ ਦੇ ਕੁਝ ਬੈਂਕ ਅਮੇਜਨ ਨੂੰ ਕੈਸ਼ਬੈਕ ਦੀ ਪੇਸ਼ਕਸ਼ ਕਰਕੇ ਆਪਣੀਆਂ ਵਿਸ਼ੇਸ਼ ਨੀਤੀਆਂ ਰਾਹੀਂ ਬਾਜ਼ਾਰ ਵਿੱਚ ਕੀਮਤਾਂ ਦੀ ਖੇਡ ਵਿੱਚ ਅਮੇਜਨ ਦੀ ਮਦਦ ਕਰ ਰਹੇ ਹਨ, ਜਿਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਕੈਟ ਨੇ ਕਈ ਕੰਪਨੀਆਂ 'ਤੇ ਗੰਭੀਰ ਦੋਸ਼ ਲਗਾਏ
ਕੈਟ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਵੱਲੋਂ ਪਿਯੂਸ਼ ਗੋਇਲ ਨੂੰ ਲਿਖੇ ਇੱਕ ਪੱਤਰ ਵਿੱਚ, ਕਲਾਉਡਟੇਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮਾਲਕ ਨਾਰਾਇਣ ਮੂਰਤੀ, ਦਰਸ਼ਿਤਾ ਏਟੇਲ, ਦਰਸ਼ਿਤਾ ਮੋਬਾਈਲ, ਐਸਟੀਪੀਐਲ-ਗ੍ਰੀਨ ਮੋਬਾਈਲ ਅਤੇ ਰਾਕੇਟ ਕਾਮਰਸ ਕੰਪਨੀਆਂ 'ਤੇ ਵੀ ਅਮੇਜਨ ਦਾ 80 ਫ਼ੀਸਦੀ ਵਪਾਰ ਹੋਣ ਦਾ ਦਾਅਵਾ ਕੀਤਾ ਹੈ ਅਤੇ ਦੋਸ਼ ਲਗਾਇਆ ਹੈ ਕਿ ਜਿਸ ਤਰੀਕੇ ਨਾਲ ਅਮੇਜਨ ਨੀਤੀਆਂ ਦੀ ਉਲੰਘਣਾ ਕਰ ਕਰ ਰਹੀ ਹੈ, ਉਸ ਵਿਚ ਇਹ ਸਾਰੀਆਂ ਕੰਪਨੀਆਂ ਉਸ ਦਾ ਬਰਾਬਰ ਸਮਰਥਨ ਕਰ ਰਹੀਆਂ ਹਨ।