ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦੇਸ਼ ਦੀ ਸਾਖ ਨੂੰ ਢਾਹ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਦਿੱਲੀ ਦੇ ਕੁਝ ਲੜਕੇ ਜਾਪਾਨੀ ਕੁੜੀ ਨੂੰ ਜ਼ਬਰਦਸਤੀ ਰੰਗ ਲਗਾਉਦੇ ਨਜ਼ਰ ਆ ਰਹੇ ਹਨ। ਜਦਕਿ ਲੜਕੀ ਲਗਾਤਾਰ ਵਿਰੋਧ ਕਰ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਜਾਪਾਨੀ ਦੂਤਘਰ ਜਾਂ ਲੜਕੀ ਵੱਲੋਂ ਸ਼ਿਕਾਇਤ ਦਿੱਤੀ ਗਈ ਤਾਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਨਜ਼ਰ ਆ ਰਹੀ ਲੜਕੀ ਜਾਪਾਨ ਦੀ ਰਹਿਣ ਵਾਲੀ ਹੈ ਅਤੇ ਕਿਸੇ ਕੰਮ ਲਈ ਨਵੀਂ ਦਿੱਲੀ ਇਲਾਕੇ 'ਚ ਜਾ ਰਹੀ ਸੀ, ਜਦੋਂ ਕੁਝ ਲੜਕਿਆਂ ਨੇ ਉਸ ਨੂੰ ਖਿੱਚ ਲਿਆ ਅਤੇ ਜ਼ਬਰਦਸਤੀ ਰੰਗ ਲਗਾਉਣਾ ਸ਼ੁਰੂ ਕਰ ਦਿੱਤਾ। ਲੜਕੀ ਲਗਾਤਾਰ ਲੜਕਿਆਂ ਤੋਂ ਬਚਣ ਲਈ ਚੀਕ ਰਹੀ ਸੀ। ਇੱਕ ਮੁੰਡੇ ਨੇ ਕੁੜੀ ਦੇ ਸਿਰ 'ਤੇ ਆਂਡਾ ਭੰਨ ਦਿੱਤਾ। ਦੂਜੇ ਪਾਸੇ ਦੋ-ਤਿੰਨ ਲੜਕਿਆਂ ਨੇ ਉਸ ਨੂੰ ਜ਼ਬਰਦਸਤੀ ਫੜ ਲਿਆ ਅਤੇ ਰੰਗ ਲਗਾਇਆ। ਲੜਕੀ ਉਨ੍ਹਾਂ ਤੋਂ ਭੱਜਣ ਲੱਗੀ। ਇਸ ਦੌਰਾਨ ਇਕ ਲੜਕਾ ਉਸ ਦੇ ਮੂੰਹ ਨੇੜੇ ਆਇਆ ਅਤੇ ਹੈਪੀ ਹੋਲੀ ਬੋਲਿਆ, ਜਿਸ 'ਤੇ ਲੜਕੀ ਨੇ ਥੱਪੜ ਮਾਰ ਦਿੱਤਾ। ਹਾਲਾਂਕਿ ਇਸ ਦੌਰਾਨ ਦੋ ਲੜਕੇ ਵੀ ਲੜਕੀ ਦਾ ਬਚਾਅ ਕਰਦੇ ਨਜ਼ਰ ਆਏ।
ਕੇਂਦਰੀ ਜ਼ਿਲੇ ਦੇ ਪੁਲਿਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੀਡੀਓ ਦੇ ਆਧਾਰ 'ਤੇ ਇਕ ਨਾਬਾਲਗ ਸਮੇਤ ਕੁੱਲ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਪਾਨੀ ਦੂਤਘਰ ਨਾਲ ਵੀ ਸੰਪਰਕ ਕੀਤਾ ਗਿਆ ਹੈ। ਲੜਕੀ ਨੇ ਅਜੇ ਤੱਕ ਜਾਪਾਨੀ ਅੰਬੈਸੀ ਜਾਂ ਕਿਤੇ ਵੀ ਸ਼ਿਕਾਇਤ ਨਹੀਂ ਕੀਤੀ ਹੈ। ਲੜਕੀ ਨਾਲ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਮਹਿਲਾ ਕਮਿਸ਼ਨ ਜਾਂ ਕਿਸੇ ਹੋਰ ਸੰਸਥਾ ਵੱਲੋਂ ਕੋਈ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਮੁਲਜ਼ਮ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਕ ਪ੍ਰੋਗਰਾਮ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਜੋ ਮਰਜ਼ੀ ਕਰੋ, ਸੜਕਾਂ 'ਤੇ ਔਰਤਾਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰਨੀ ਹੈ ਸਗੋਂ ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਰਨਾ ਹੈ। ਜਦੋਂ ਤੱਕ ਸੜਕ 'ਤੇ ਪੈਦਲ ਚੱਲ ਰਹੀ ਔਰਤ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਇਸ ਦੇ ਲਈ ਸਰਕਾਰ ਨੂੰ ਹੀ ਨਹੀਂ ਸਗੋਂ ਆਮ ਲੋਕਾਂ ਨੂੰ ਵੀ ਆਪਣੇ ਅੰਦਰ ਬਦਲਾਅ ਲਿਆਉਣਾ ਹੋਵੇਗਾ।
ਇਹ ਵੀ ਪੜ੍ਹੋ:- Manisha Gulati tenure canceled: ਖੁੱਸ ਗਈ ਮਨੀਸ਼ਾ ਗੁਲਾਟੀ ਦੀ ਕੁਰਸੀ, ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਐਕਸਟੇਂਸ਼ਨ ਕੀਤੀ ਰੱਦ