ਨਵੀਂ ਦਿੱਲੀ: ਕਰਨਾਟਕ ਵਿਧਾਨ ਸਭਾ ਚੋਣਾਂ 2023 ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਭਾਜਪਾ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ। ਬੈਠਕ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਧਰਮਿੰਦਰ ਪ੍ਰਧਾਨ, ਬੀਐੱਲ ਸੰਤੋਸ਼ ਅਤੇ ਯੇਦੀਯੁਰੱਪਾ ਸ਼ਾਮਲ ਹਨ। ਅਜਿਹੇ 'ਚ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਭਾਜਪਾ ਜਲਦ ਹੀ 180 ਤੋਂ 200 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਜਨਤਾ ਦਲ (ਐੱਸ) ਨੇ ਜ਼ਿਆਦਾਤਰ ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਭਾਜਪਾ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਲਈ ਲਿਆ ਸਮਾਂ : ਕਰਨਾਟਕ ਵਿਧਾਨ ਸਭਾ ਚੋਣਾਂ 2023 ਲਈ ਭਾਜਪਾ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਲਈ ਸਮਾਂ ਲਿਆ ਹੈ। ਅਜਿਹੇ 'ਚ ਭਾਜਪਾ 224 ਹਲਕਿਆਂ 'ਚੋਂ ਕਰੀਬ 200 ਸੀਟਾਂ 'ਤੇ ਟਿਕਟਾਂ ਦਾ ਐਲਾਨ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਐਤਵਾਰ ਸ਼ਾਮ ਨਵੀਂ ਦਿੱਲੀ 'ਚ ਕਰੀਬ ਦੋ ਘੰਟੇ ਤੱਕ ਬੈਠਕ ਕੀਤੀ। ਇਸ ਤੋਂ ਪਹਿਲਾਂ, ਸੂਬਾ ਇਕਾਈ ਨੇ ਹਰੇਕ ਹਲਕੇ ਲਈ ਦੋ ਤੋਂ ਤਿੰਨ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਵਾਲੀ ਸੂਚੀ ਦਿੱਲੀ ਵਿਚ ਪਾਰਟੀ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਨੂੰ ਭੇਜੀ ਸੀ।
ਭਾਜਪਾ ਨੇ ਕਾਂਗਰਸ ਅਤੇ ਜੇਡੀ(ਐਸ) ਦੇ ਸਖ਼ਤ ਮੁਕਾਬਲੇ ਨੂੰ ਨੋਟ ਕੀਤਾ ਹੈ, ਜੋ ਸਿਰਫ਼ ਜਿੱਤਣ ਨੂੰ ਮਾਪਦੰਡ ਮੰਨ ਰਹੇ ਹਨ ਅਤੇ ਜ਼ਿਆਦਾਤਰ ਉਮੀਦਵਾਰਾਂ ਨੂੰ ਅੰਤਿਮ ਰੂਪ ਦੇ ਚੁੱਕੇ ਹਨ। ਭਾਜਪਾ 75 ਸਾਲ ਤੋਂ ਵੱਧ ਉਮਰ ਦੇ ਉਮੀਦਵਾਰਾਂ ਨੂੰ ਟਿਕਟ ਨਾ ਦੇਣ ਅਤੇ ਇਕ ਪਰਿਵਾਰ ਨੂੰ ਇਕ ਟਿਕਟ ਦੇਣ ਵਰਗੀਆਂ ਸ਼ਰਤਾਂ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਜੇਕਰ ਇਨ੍ਹਾਂ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਭਾਜਪਾ ਨੂੰ ਕਈ ਸੀਟਾਂ 'ਤੇ ਬਗਾਵਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਹੋ ਸਕਦਾ ਹੈ। ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਕਾਂਗਰਸ ਇਸ ਘਟਨਾਕ੍ਰਮ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਭਾਜਪਾ ਆਗੂਆਂ ਨੂੰ ਨੱਥ ਪਾਉਣ ਲਈ ਉਤਾਵਲੀ ਹੈ।
ਟਿਕਟਾਂ ਜਿੱਤਣ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ : ਚੋਣ ਕਮੇਟੀ ਦੇ ਮੈਂਬਰ ਬੀਐਸ ਯੇਦੀਯੁਰੱਪਾ ਨੇ ਕਿਹਾ ਹੈ ਕਿ ਟਿਕਟਾਂ ਜਿੱਤਣ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ। ਕੇਂਦਰੀ ਕੋਲਾ, ਖਾਨਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਸੀ ਕਿ ਆਗੂਆਂ ਨੇ ਇਸ ਮਾਮਲੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਹੈ ਅਤੇ ਵੱਡੀ ਗਿਣਤੀ ਵਿਚ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਉਮੀਦਵਾਰਾਂ ਦੀ ਸੂਚੀ ਦੇ ਐਲਾਨ ਤੋਂ ਪਹਿਲਾਂ ਸੋਮਵਾਰ ਨੂੰ ਇਕ ਹੋਰ ਦੌਰ ਦੀ ਬੈਠਕ ਹੋਵੇਗੀ।
ਭਾਜਪਾ 150 ਸੀਟਾਂ ਜਿੱਤਣ ਦਾ ਟੀਚਾ : ਇਸ ਤੋਂ ਪਹਿਲਾਂ, ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਬੀਐਸ ਯੇਦੀਯੁਰੱਪਾ ਸਮੇਤ ਰਾਜ ਦੇ ਪ੍ਰਮੁੱਖ ਪਾਰਟੀ ਨੇਤਾਵਾਂ ਨਾਲ ਸੰਭਾਵਿਤ ਨਾਵਾਂ 'ਤੇ ਚਰਚਾ ਕੀਤੀ। ਮੁੱਖ ਮੰਤਰੀ ਬੋਮਈ ਨੇ ਕਿਹਾ ਕਿ ਅਸੀਂ ਸਾਰੇ ਸੰਭਾਵਿਤ ਉਮੀਦਵਾਰਾਂ ਬਾਰੇ ਚਰਚਾ ਕਰਾਂਗੇ। ਭਾਜਪਾ ਦੱਖਣੀ ਰਾਜ ਵਿੱਚ ਸੱਤਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਨੇ ਮੁੜ ਸਰਕਾਰ ਬਣਾਉਣ ਲਈ ਸੂਬੇ ਦੀਆਂ 224 ਸੀਟਾਂ ਵਿੱਚੋਂ ਘੱਟੋ-ਘੱਟ 150 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ : Rahul Gandhi visit Wayanad: ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਪਹਿਲੀ ਵਾਰ ਵਾਇਨਾਡ ਜਾਣਗੇ ਰਾਹੁਲ ਗਾਂਧੀ, ਕਰਨਗੇ ਰੋਡ ਸ਼ੋਅ
ਪੀਐੱਮ ਮੋਦੀ ਨੇ 9 ਅਪ੍ਰੈਲ ਕੀਤਾ ਸੀ ਕਰਨਾਟਕ ਦੌਰਾ : ਕਰਨਾਟਕ 'ਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਅਪ੍ਰੈਲ ਨੂੰ ਪਹਿਲੀ ਵਾਰ ਕਰਨਾਟਕ ਦਾ ਦੌਰਾ ਕੀਤਾ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨੇ ਤੇਲੰਗਾਨਾ ਅਤੇ ਤਾਮਿਲਨਾਡੂ 'ਚ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲਿਆ, ਜਦਕਿ ਐਤਵਾਰ ਨੂੰ ਪੀਐੱਮ ਮੋਦੀ ਚੋਣ ਰਾਜ ਕਰਨਾਟਕ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿੱਚ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਪੀਐਮ ਮੋਦੀ ਦੀ ਕਰਨਾਟਕ ਦੀ ਇਹ ਅੱਠਵੀਂ ਯਾਤਰਾ ਸੀ। ਇਸ ਤੋਂ ਪਹਿਲਾਂ 27 ਫਰਵਰੀ ਨੂੰ ਪੀਐਮ ਮੋਦੀ ਨੇ ਕਰਨਾਟਕ ਦੇ ਬੇਲਾਗਾਵੀ ਵਿੱਚ ਰੋਡ ਸ਼ੋਅ ਕੀਤਾ ਸੀ। ਦੱਸ ਦੇਈਏ ਕਿ ਕਰਨਾਟਕ 'ਚ 10 ਮਈ ਨੂੰ ਵੋਟਿੰਗ ਹੋਵੇਗੀ, ਜਦਕਿ ਨਤੀਜੇ 13 ਮਈ ਨੂੰ ਆਉਣਗੇ।