ਨਵੀਂ ਦਿੱਲੀ : ਯੈਸ ਬੈਂਕ ਦੇ ਫਾਊਂਡਰ ਰਾਣਾ ਕਪੂਰ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆ ਹਨ। ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਪੁੱਛਗਿੱਛ ਲਈ ਰਾਣਾ ਕਪੂਰ ਨੂੰ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਕੋਲੋਂ 20 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਗਈ।
ਈਡੀ ਵੱਲੋਂ ਰਾਣਾ ਕਪੂਰ ਤੋਂ ਪੁੱਛਗਿੱਛ ਦੇ ਦੌਰਾਨ ਕਈ ਵੱਡੇ ਖ਼ੁਲਾਸੇ ਹੋਏ ਹਨ। ਈਡੀ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਰਾਣਾ ਕਪੂਰ ਨੇ ਇੱਕ ਕੰਪਨੀ ਨੂੰ 20 ਹਜ਼ਾਰ ਕਰੋੜ ਦਾ ਲੋਨ ਦੇਣ ਲਈ ਪੰਜ ਹਜ਼ਾਰ ਕਰੋੜ ਰੁਪਏ ਦੀ ਰਿਸ਼ਵਤ ਲਈ ਹੈ। ਇਸ ਨਾਲ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਕਈ ਜਾਇਦਾਦ ਖ਼ਰੀਦੀਆਂ।
ਗ਼ੈਰ-ਕਾਨੂੰਨੀ ਜਾਇਦਾਦਾਂ ਕੀਤੀਆਂ ਤਿਆਰ
ਈਡੀ ਦੇ ਸੂਤਰਾਂ ਮੁਤਾਬਕ ਰਾਣਾ ਕਪੂਰ ਅਜਿਹੀਆਂ ਕੰਪਨੀਆਂ ਨੂੰ ਲੋਨ ਦਿੰਦੇ ਹਨ ਜੋ ਕਿ ਪਹਿਲਾਂ ਤੋਂ ਹੀ ਡਿਫਾਲਟਰ ਹੁੰਦੀਆਂ ਹਨ। ਲੋਨ ਦੇਣ ਦੇ ਬਦਲੇ ਉਹ ਕੰਪਨੀ ਮਾਲਕਾਂ ਤੋਂ ਰਿਸ਼ਵਤ ਲੈਂਦੇ ਹਨ। ਕਪੂਰ ਨੇ ਬ੍ਰਿਟੇਨ ਵਿੱਚ ਇੱਕ ਹੋਟਲ ਉੱਤੇ ਤਕਰੀਬਨ 30 ਮਿਲੀਅਨ ਪੌਂਡ ਨਿਵੇਸ਼ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿਊਯਾਰਕ ਦੇ ਕੁੱਝ ਹੋਟਲਾਂ 'ਚ ਵੀ ਨਿਵੇਸ਼ ਕੀਤਾ ਹੈ। ਕਪੂਰ ਨੇ ਆਪਣੇ ਪਰਿਵਾਰ ਦੇ ਲਈ ਦਿੱਲੀ ਦੇ ਵੀਆਈਪੀ ਇਲਾਕਿਆਂ ਵਿੱਚ ਕਈ ਜਾਇਦਾਦ ਤਿਆਰ ਕੀਤੀ ਹੈ। ਰਾਣਾ ਕਪੂਰ ਨੇ ਭਾਰਤ ਤੋਂ ਇਲਾਵਾ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਵਿੱਚ ਵੀ ਜਾਇਦਾਦ ਖ਼ਰੀਦੀ ਹੈ। ਇਸ ਦੀ ਕੀਮਤ ਘੱਟ ਤੋਂ ਘੱਟ 5 ਹਜ਼ਾਰ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।
ਇਸ ਤੋਂ ਇਲਾਵਾ ਰਾਣਾ ਕਪੂਰ ਦੀ ਪਤਨੀ ਨੇ ਵੀ ਦਿੱਲੀ ਵਿਖੇ ਅੰਮ੍ਰਿਤਾ ਸ਼ੇਰਗਿੱਲ ਮਾਰਗ 'ਤੇ ਉਦਯੋਗਪਤੀ ਗੌਤਮ ਥਾਪਰ ਤੋਂ ਘਰ ਖ਼ਰੀਦਿਆਂ। ਥਾਪਰ ਨੇ ਲੋਨ ਦੇ ਲਈ ਆਪਣੇ ਘਰ ਨੂੰ ਗਿਰਵੀ ਰੱਖ ਦਿੱਤਾ ਸੀ ਤੇ ਬਾਅਦ ਵਿੱਚ ਰਾਣਾ ਕਪੂਰ ਦੀ ਪਤਨੀ ਨੇ ਇਸ ਘਰ ਨੂੰ 380 ਕਰੋੜ ਰੁਪਏ 'ਚ ਖਰੀਦ ਲਿਆ।
ਹੋਰ ਪੜ੍ਹੋ :ETT ਤੇ TET ਪਾਸ ਅਧਿਆਪਕਾਂ ਨੇ ਸੁਰੇਸ਼ ਕੁਮਾਰ ਨਾਲ ਕੀਤੀ ਮੁਲਾਕਾਤ
16 ਮਾਰਚ ਤੱਕ ਹਿਰਾਸਤ 'ਚ ਰਹਿਣਗੇ ਕਪੂਰ
ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਰਾਣਾ ਕਪੂਰ ਦੀ ਹਿਰਾਸਤ ਦਾ ਸਮਾਂ ਬੁੱਧਵਾਰ ਨੂੰ 16 ਮਾਰਚ ਤੱਕ ਦੇ ਲਈ ਵਧਾ ਦਿੱਤਾ ਹੈ। ਈਡੀ ਨੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਰਾਣਾ ਕਪੂਰ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਪਹਿਲਾਂ ਕਪੂਰ ਨੂੰ 11 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜਿਆ ਗਿਆ ਸੀ।ਈਡੀ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।