ਨਵੀਂ ਦਿੱਲੀ: ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਵੱਲੋਂ ਦਲ ਦੀ ਹੋਰਨਾਂ ਮਹਿਲਾਵਾਂ ਨਾਲ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਗਿਆਨੀ ਇਕਬਾਲ ਸਿੰਘ ਵੱਲੋਂ ਸਿੱਖ ਇਤਿਹਾਸ ਨਾਲ ਕੀਤੀ ਗਈ ਛੇੜਤਾੜ ਦੀ ਸ਼ਿਕਾਇਤ ਕੀਤੀ ਗਈ ਹੈ।
ਬੀਬੀ ਰਣਜੀਤ ਕੌਰ ਨੇ ਕਿਹਾ ਕਿ ਤਖ਼ਤ ਪਟਨਾ ਸਾਹਿਬ ਦਾ ਖੁਦ ਨੂੰ ਜੱਥੇਦਾਰ ਦੱਸ ਕੇ ਸ੍ਰੀ ਰਾਮ ਜਨਮ ਭੂਮੀ ਅਸਥਾਨ 'ਤੇ ਪੁੱਜਣਾ ਅਤੇ ਉੱਥੇ ਅਜਿਹੇ ਵਿਵਾਦਤ ਬਿਆਨ ਦੇਣਾ ਇਹ ਦਰਸਾਉਂਦਾ ਹੈ ਕਿ ਇਨ੍ਹਾਂ ਦੀ ਮਾਨਸਿਕਤਾ ਕੀ ਹੈ ਇਨ੍ਹਾਂ ਨੇ ਇੰਝ ਕਿਉਂ ਕੀਤਾ ਅਤੇ ਕਿਸ ਦੇ ਇਸ਼ਾਰੇ 'ਤੇ ਕੀਤਾ, ਇਹ ਵੀ ਸੋਚਣ ਦਾ ਵਿਸ਼ਾ ਹੈ ਕਿਤੇ ਗਿਆਨੀ ਇਕਬਾਲ ਸਿੰਘ ਸਿੱਖ ਵਿਰੋਧੀ ਤਾਕਤਾਂ ਦੀ ਕਠਪੁਤਲੀ ਬਣ ਕੇ ਤਾਂ ਇੰਝ ਨਹੀਂ ਕਰ ਰਹੇ ਕਿਉਂਕਿ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਨੂੰ ਹਿੰਦੂ ਸਾਬਿਤ ਕਰਨਾ ਚਾੰਹੁਦੀਆਂ ਹਨ ਪਰ ਅੱਜ ਤੱਕ ਕਾਮਯਾਬ ਨਹੀਂ ਹੋ ਪਾਈਆਂ ਸ਼ਾਇਦ ਇਸੇ ਲਈ ਹੀ ਉਨ੍ਹਾਂ ਨੇ ਹੁਣ ਗਿਆਨੀ ਇਕਬਾਲ ਸਿੰਘ ਵਰਗੇ ਲੋਕਾਂ ਦਾ ਸਹਾਰਾ ਲੈ ਕੇ ਆਪਣੇ ਮਨਸੂਬੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਿੱਖ ਪੰਥ ਇਨ੍ਹਾਂ ਦੇ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣ ਦੇਵੇਗਾ।
ਉਨ੍ਹਾਂ ਕਿਹਾ ਕਿ ਇਸਤਰੀ ਅਕਾਲੀ ਦਲ ਇਕਬਾਲ ਸਿੰਘ ਖ਼ਿਲਾਫ਼ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕਰ ਚੁੱਕਿਆ ਹੈ ਅਤੇ ਹੁਣ ਜੋ ਬੇਹੱਦ ਘਿਨੌਣੀ ਹਰਕਤ ਗਿਆਨੀ ਇਕਬਾਲ ਸਿੰਘ ਨੇ ਕੀਤੀ ਹੈ। ਉਸ ਸਬੰਧ ਵਿੱਚ ਵੀ ਇੱਕ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਲਿਖਿਆ ਗਿਆ ਹੈ, ਜਿਸ ਵਿੱਚ ਇਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਗਈ ਹੈ।