ਉਜੈਨ: 8 ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ, ਕਾਨਪੁਰ ਦੇ ਗੈਂਗਸਟਰ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਪਿਛਲੇ ਕੁੱਝ ਦਿਨਾਂ ਤੋਂ ਵਿਕਾਸ ਦੂਬੇ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਸੀ ਤੇ ਇਸ 'ਤੇ 5 ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ।
ਗੈਂਗਸਟਰ ਵਿਕਾਸ ਦੂਬੇ ਨੇ ਥਾਣੇ 'ਚ ਦਾਖਲ ਹੋ ਕੇ ਸੂਬਾ ਮੰਤਰੀ ਸੰਤੋਸ਼ ਸ਼ੁਕਲਾ ਦਾ ਕਤਲ ਕਰ ਦਿੱਤਾ ਸੀ। ਅੱਜ ਉਹ ਪੁਲਿਸ ਦੇ ਸਾਹਮਣੇ ਬੇਸਹਾਰਾ ਨਜ਼ਰ ਆਇਆ। ਜਦ ਪੁਲਿਸ ਨੇ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਹ ਉੱਚੀ ਅਵਾਜ਼ 'ਚ ਰੌਲਾ ਪਾਉਣ ਲੱਗਾ ਕਿ ਉਹ ਕਾਨਪੁਰ ਵਾਲਾ ਵਿਕਾਸ ਦੂਬੇ ਹੈ। ਉਸ ਨੇ ਪੁਲਿਸ 'ਤੇ ਰੋਬ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਉਸ ਨੂੰ ਜ਼ੋਰਦਾਰ ਥੱਪੜ ਮਾਰਿਆ ਅਤੇ ਉਸ ਨੂੰ ਝਿੜਕਦੇ ਹੋਏ ਚੁੱਪ ਰਹਿਣ ਦੀ ਹਦਾਇਤ ਦਿੱਤੀ।
ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫ਼ਤਾਰੀ ਦੇ ਸਮੇਂ ਵਿਕਾਸ ਦੂਬੇ ਨੇ ਪੁਲਿਸ ਵਾਲਿਆਂ ਨੂੰ ਆਪਣੇ ਬਾਰੇ ਦੱਸਦੇ ਹੋਏ ਉਨ੍ਹਾਂ 'ਤੇ ਰੋਬ ਪਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸ ਨਾਲ ਉਸ ਤਰ੍ਹਾਂ ਹੀ ਸਲੂਕ ਕੀਤਾ ਜਿਵੇਂ ਕਿ ਇੱਕ ਮੁਲਜ਼ਮ ਨਾਲ ਕਰਨਾ ਚਾਹੀਦਾ ਹੈ। ਵਿਕਾਸ ਦੂਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਯੂਪੀ ਪੁਲਿਸ ਸਣੇ ਕਈ ਸੂਬਿਆਂ ਦੀ ਪੁਲਿਸ ਨੂੰ ਰਾਹਤ ਮਿਲੀ ਹੈ।