ਨਵੀਂ ਦਿੱਲੀ: ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਇੰਦਰਾ ਗਾਂਧੀ ਕੌੰਮਾਂਤਰੀ ਹਵਾਈ ਅੱਡੇ ਦੇ ਟਰਮੀਨਲ T-3 ਵਿਖੇ ਲੱਭੇ ਗਏ 'ਸ਼ੱਕੀ ਬੈਗ' ਨੇ ਪੁਰੇ ਭਾਰਤ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਪੁਲਿਸ ਵੱਲੋਂ ਇਸ ਬੈਗ ਵਿੱਚ RDX ਹੋਣ ਦੀ ਖ਼ਦਸ਼ਾ ਜ਼ਾਹਰ ਕੀਤੀ ਗਈ ਸੀ, ਪਰ ਜਾਂਚ ਵਿੱਚ ਪੁਲਿਸ ਨੇ ਸ਼ੱਕੀ ਬੈਗ ਵਿੱਚੋਂ ਖਿਡੌਣੇ, ਚਾਰਜਰ ਅਤੇ ਡਰਾਈ ਫਰੂਟ ਬਰਾਮਦ ਕੀਤੇ ਹਨ।
ਬੈਗ ਵਿੱਚ RDX ਹੋਣ ਦੀ ਖ਼ਦਸ਼ਾ ਨੇ ਯਾਤਰੀਆਂ ਨੂੰ ਡਰਾ ਦਿੱਤਾ ਤੇ ਯਾਤਰੀਆਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਦਿੱਲੀ ਦੇ ਡੀਸੀਪੀ ਸੰਜੇ ਭਾਟੀਆ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਬਰਾਮਦ ਹੋਇਆ ਬੈਗ ਸ਼ਾਹਿਦ ਨਾਂਅ ਦੇ ਵਿਅਕਤੀ ਦਾ ਹੈ। ਸ਼ਾਹਿਦ ਹਰਿਆਣਾ ਦੇ ਬੱਲਬਗੜ੍ਹ ਦਾ ਰਹਿਣ ਵਾਲਾ ਹੈ ਜਿਸ ਦਾ ਗ਼ਲਤੀ ਨਾਲ ਬੈਗ ਹਵਾਈ ਅੱਡੇ 'ਤੇ ਰਹਿ ਗਿਆ ਸੀ। ਪੁਲਿਸ ਵੱਲੋਂ ਸ਼ਾਹਿਦ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਬੈਗ ਦੀ ਪਹਿਲੀ ਜਾਂਚ ਵਿੱਚ ਪੁਲਿਸ ਨੇ ਕਿਹਾ ਸੀ ਕਿ ਬੈਗ ਦੇ ਅੰਦਰ ਕੁਝ ਵਿਸਫ਼ੋਟਕ ਕਿਸਮ ਦਾ ਸਮਾਨ ਮੌਜੂਦ ਹੈ। ਪੁਲਿਸ ਵੱਲੋਂ 16 ਘੰਟਿਆਂ ਦੀ ਕੀਤੀ ਪੜਤਾਲ ਤੋਂ ਬਾਅਦ ਬੈਗ ਦੇ ਅਸਲ ਮਾਲਕ ਦਾ ਪਤਾ ਚੱਲ ਗਿਆ।
ਇਹ ਵੀ ਪੜ੍ਹੋ: 1984 ਸਿੱਖ ਨਸਲਕੁਸ਼ੀ: ਆਪਣੇ ਅਜ਼ੀਜ਼ਾਂ ਨੂੰ ਯਾਦ ਕਰ ਅੱਜ ਵੀ ਨਮ ਹਨ ਪੀੜਤਾਂ ਦੀਆਂ ਅੱਖਾਂ
ਸੀਆਈਐਸਐਫ਼ ਦੇ ਵਿਸ਼ੇਸ਼ ਡੀਜੀ ਐਮ.ਏ. ਗਣਪਤੀ ਨੇ ਦੱਸਿਆ ਸੀ ਕਿ ਬੈਗ ਨੂੰ ਕੁਲਿੰਗ ਪੀਟ ਵਿੱਚ ਰੱਖਿਆ ਗਿਆ ਸੀ। ਡੀਜੀ ਨੇ ਕਿਹਾ ਕਿ ਇਸ ਬੈਗ ਦਾ ਫੋਰੈਂਸਿਕ ਟੈਸਟ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਵਿਸਫੋਟਕ ਸਮਾਨ ਦੀ ਜਾਂਚ ਕਰਨ ਵਾਲੇ ਯੰਤਰ ਵੱਲੋਂ ਗ਼ਲਤ ਸੰਕੇਤ ਦਿੱਤੇ ਗਏ ਸਨ।