ਨਵੀਂ ਦਿੱਲੀ: ਰਾਮ ਮੰਦਰ ਦੀ ਜ਼ਿੰਮੇਦਾਰੀ ਸੰਭਾਲ ਰਹੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਕਾਮੇਸ਼ਵਰ ਚੌਪਾਲ ਨੇ ਕਿਹਾ ਕਿ ਰਾਮ ਮੰਦਰ ਦੇ 2000 ਫੁੱਟ ਥੱਲੇ ਟਾਇਮ ਕੈਪਸੂਲ ਦੱਬਿਆ ਜਾਵੇਗਾ ਤਾਂ ਕਿ ਭਵਿੱਖ ਵਿੱਚ ਇਸ ਨੂੰ ਲੈ ਕੇ ਕੋਈ ਵਿਵਾਦ ਨਾ ਰਹੇ। ਇਸ ਕੈਪਸੂਲ ਵਿੱਚ ਮੰਦਰ ਨਾਲ ਜੁੜੇ ਇਤਿਹਾਸ ਅਤੇ ਇਸ ਨਾਲ ਜੁੜੇ ਤੱਥਾਂ ਦੀ ਜਾਣਕਾਰੀ ਹੋਵੇਗੀ।
ਚੌਪਾਲ ਨੇ ਕਿਹਾ ਕਿ ਰਾਮਮੰਦਰ ਨੂੰ ਲੈ ਕੇ ਚੱਲੇ ਸੰਘਰਸ਼ ਅਤੇ ਸੁਪਰੀਮ ਕੋਰਟ ਵਿੱਚ ਲੰਬਾ ਸਮਾਂ ਚੱਲੇ ਵਿਵਾਦ ਨੇ ਆਉਣ ਵਾਲੀਆਂ ਪੀੜੀਆਂ ਨੂੰ ਸਿੱਖਿਆ ਦਿੱਤੀ ਹੈ। ਰਾਮ ਮੰਦਰ ਦੇ ਨਿਰਮਾਣ ਵਾਲੀ ਥਾਂ 2000 ਫੁੱਟ ਥੱਲੇ ਇੱਕ ਟਾਇਮ ਕੈਪਸੂਲ ਰੱਖਿਆ ਜਾਵੇਗਾ ਤਾਂ ਕਿ ਭਵਿੱਖ ਵਿੱਚ ਕੋਈ ਵੀ ਰਾਮ ਮੰਦਰ ਦੇ ਇਤਿਹਾਸ ਦਾ ਅਧਿਐਨ ਕਰਨਾ ਚਾਹੇ ਤਾਂ ਉਸ ਨਾਲ ਰਾਮ ਜਨਮ ਭੂਮੀ ਨਾਲ ਜੁੜੇ ਸਾਰੇ ਤੱਥ ਮਿਲ ਜਾਣਗੇ ਜਿਸ ਨਾਲ ਕੋਈ ਨਵਾਂ ਵਿਵਾਦ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਕੈਪਸੂਲ ਇੱਕ ਤਾਮ ਪੱਤਰ ਦੇ ਅੰਦਰ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਕੈਪਸੂਲ ਬਾਰੇ ਵਿਦਵਾਨ ਲੋਕ ਤਹਿ ਕਰਨਗੇ ਅਤੇ ਭਵਿੱਖ ਨੂੰ ਵੇਖਦਿਆਂ ਹੋਇਆਂ ਇਸ ਵਿੱਚ ਤੱਥ ਪਾਏ ਜਾਣਗੇ।
ਦੂਜੇ ਪਾਸੇ ਟਰੱਸਟ 5 ਅਗਸਤ ਨੂੰ ਰਾਮ ਮੰਦਰ ਨਿਰਮਾਣ ਲਈ ਹੋਣ ਵਾਲੇ ਭੂਮੀ ਪੂਜਨ ਲਈ ਤਿਆਰੀ ਕਰ ਰਿਹਾ ਹੈ ਜਿਸ ਲਈ ਸੱਦਾ ਦੇਣ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਟਰੱਸਟ ਦੇ ਮਹੰਤ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ 5 ਅਗਸਤ ਨੂੰ ਭੂਮੀ ਪੂਜਨ ਕਰ ਕੇ ਨੀਂਹ ਪੱਥਰ ਰੱਖਣਗੇ।