ਕੀ ਹੈ ਮਹੱਤਤਾ?
ਅਮਰਨਾਥ 'ਚ ਭਗਵਾਨ ਭੋਲੇਨਾਥ ਦੇ ਸ਼ਿਵਲਿੰਗ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਇੱਥੇ ਹਰ ਸਾਲ ਆਪਣੇ ਆਪ ਸ਼ਿਵਲਿੰਗ ਬਣ ਜਾਂਦਾ ਹੈ। ਇਸਲਈ ਤਾਂ ਇਸਨੂੰ ਬਾਬਾ ਬਰਫਾਨੀ ਕਿਹਾ ਜਾਂਦਾ ਹੈ। ਬਾਬਾ ਬਰਫ਼ਾਨੀ ਦਾ ਸਰੂਪ ਮੱਸਿਆ ਤੋਂ ਪੂਰਨਮਾਸ਼ੀ ਦੌਰਾਨ ਲਗਾਤਾਰ ਵੱਧਦਾ ਹੈ ਤੇ ਪੂਰਨਮਾਸ਼ੀ ਤੋਂ ਬਾਅਦ ਇਹ ਘਟਣਾ ਸ਼ੁਰੂ ਹੋ ਜਾਂਦਾ ਹੈ। ਅਮਰਨਾਥ ਗੁਫ਼ਾ ਹਿੰਦੂਆਂ ਦੇ ਪ੍ਰਮੁੱਖ ਤੀਰਥ ਸਥਾਨਾਂ 'ਚੋਂ ਇੱਕ ਹੈ। ਪ੍ਰਾਚੀਨ ਕਾਲ 'ਚ ਇਸਨੂੰ ਅਮਰੇਸ਼ਵਰ ਕਿਹਾ ਜਾਂਦਾ ਸੀ।
ਕਿੱਥੇ ਸਥਿਤ ਹੈ ਅਮਰਨਾਥ ਦੀ ਗੁਫ਼ਾ?
ਸ਼੍ਰੀਨਗਰ ਤੋਂ ਤਕਰੀਬਨ 145 ਕਿਲੋਮੀਟਰ ਦੀ ਦੂਰੀ 'ਤੇ ਸ੍ਰੀ ਅਮਰਨਾਥ ਗੁਫ਼ਾ ਬਣੀ ਹੋਈ ਹੈ। ਇਹ ਪਵਿੱਤਰ ਗੁਫ਼ਾ ਹਿਮਾਲਿਆ ਦੀਆਂ ਪਹਾੜੀਆਂ ਦੇ ਵਿਚਕਾਰ ਸਮੁੰਦਰੀ ਤਲ ਤੋਂ 12, 729 ਫੁੱਟ ਦੀ ਉੱਚਾਈ 'ਤੇ ਸਥਿਤ ਹੈ। ਇਨ੍ਹਾਂ ਪਹਾੜੀਆਂ ਵਿਚਾਲੇ 60 ਲੰਮੀ, 30 ਫੁੱਟ ਚੌੜੀ ਅਤੇ 15 ਫੁੱਟ ਉੱਚੀ ਗੁਫ਼ਾ ਮੌਜੂਦ ਹੈ।
ਕਿਵੇਂ ਪਹੁੰਚਆ ਜਾ ਸਕਦਾ ਹੈ?
ਇਹ ਗੁਫ਼ਾ ਕਸ਼ਮੀਰ ਦੇ ਪਹਿਲਗਾਮ ਤੋਂ ਲਗਭਗ 29 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਸ਼ਰਧਾਲੂ ਇੱਥੇ ਪੁੱਜਦੇ ਹਨ। ਸਭ ਤੋਂ ਪਹਿਲਾਂ ਜੰਮੂ ਤੋਂ ਪਹਿਲਗਾਮ ਪਹੁੰਚਣਾ ਪੈਂਦਾ ਹੈ।
- ਸ਼੍ਰੀਨਗਰ ---> ਪਹਿਲਗਾਮ
ਸ਼੍ਰੀਨਗਰ ਤੋਂ ਪਹਿਲਗਾਮ ਦੀ ਯਾਤਰਾ 87 ਕਿਲੋਮੀਟਰ ਹੈ, ਜਿੱਥੇ ਬੱਸ ਜਾ ਨਿਜੀ ਵਾਹਨ ਰਾਹੀਂ ਪਹੁੰਚਿਆ ਜਾ ਸਕਦਾ ਹੈ ਅਤੇ ਇਸ ਤੋਂ ਬਾਅਦ ਬਾਕੀ ਬਚਿਆ 46 ਕਿ.ਮੀ ਦਾ ਰਸਤਾ ਪੈਦਲ ਜਾਂ ਘੋੜਿਆਂ ਰਾਹੀਂ ਤੈਅ ਕੀਤਾ ਜਾ ਸਕਦਾ ਹੈ। ਯਾਤਰਾ ਦਾ ਪਹਿਲਾ ਆਧਾਰ ਸ਼ਿਵਰ ਪਹਿਲਗਾਮ 'ਚ ਹੀ ਹੈ, ਜੋ ਲਿੱਦਰ ਨਦੀ ਦੇ ਕੰਢੇ ਵੱਸਿਆ ਛੋਟਾ ਜਿਹਾ ਕਸਬਾ ਹੈ। ਇਹ ਸਮੁੰਦਰੀ ਤਲ ਤੋਂ ਲਗਭਗ 7200 ਫੁੱਟ ਦੀ ਉੱਚਾਈ 'ਤੇ ਸਥਿਤ ਹੈ।
- ਪਹਿਲਗਾਮ ---> ਚੰਦਨਬਾੜੀ
ਪਹਿਲਗਾਮ ਤੋਂ ਚੰਦਨਬਾੜੀ ਤੱਕ 16 ਕਿਲੋਮੀਟਰ ਰਸਤੇ ਨੂੰ ਜੀਪ, ਸੂਮੋ ਰਾਹੀਂ ਪਾਰ ਕੀਤਾ ਜਾ ਸਕਦਾ ਹੈ।
- ਚੰਦਨਬਾੜੀ ---> ਸ਼ੇਸ਼ਨਾਗ ---> ਪੰਜਤਰਣੀ
ਚੰਦਨਬਾੜੀ ਤੋਂ 13 ਕਿ.ਮੀ ਅੱਗੇ ਸ਼ੇਸ਼ਨਾਗ ਸਥਿਤ ਹੈ। ਸ਼ੇਸ਼ਨਾਗ ਝੀਲ 'ਚ ਇਸ਼ਨਾਨ ਕਰਨ ਨਾਲ ਗੰਗਾ ਇਸ਼ਨਾਨ ਦਾ ਫਲ ਮਿਲਦਾ ਹੈ। ਸ਼ਰਧਾਲੂ ਚੰਦਨਬਾੜੀ ਤੋਂ 30 ਕਿਮੀ ਪੈਦਲ ਤੁਰ ਕੇ ਵੀ ਪਵਿੱਤਰ ਗੁਫ਼ਾ ਤੱਕ ਪੁੱਜ ਸਕਦੇ ਹਨ। ਇਸਨੂੰ ਪੂਰਾ ਕਰਨ ਲਈ ਦੋ ਦਿਨ ਤੇ ਇੱਕ ਰਾਤ ਦਾ ਸਮਾਂ ਲੱਗਦਾ ਹੈ। ਜਦੋਂਕਿ ਬਾਲਟਾਲ ਟ੍ਰੈਕ ਤੋਂ ਇੱਕ ਦਿਨ 'ਚ ਹੀ ਦਰਸ਼ਨ ਕਰਕੇ ਮੁੜਿਆ ਜਾ ਸਕਦਾ ਹੈ। ਇਸ ਰਸਤੇ ਦੀ ਲੰਬਾਈ 14 ਕਿਲੋਮੀਟਰ ਹੈ। ਯਾਤਰੀ ਹਵਾਈ ਮਾਰਗ ਰਾਹੀਂ ਵੀ ਸ਼੍ਰੀ ਨਗਰ ਪੁੱਜ ਸਕਦੇ ਹਨ। ਇਸ ਤੋਂ ਅੱਗੇ ਪੰਜਤਰਣੀ ਤੱਕ ਹਵਾਈ ਮਾਰਗ ਰਾਹੀਂ ਪੁੱਜਿਆ ਜਾ ਸਕਦਾ ਹੈ।
- ਪੰਜਤਰਣੀ ---> ਬਾਬਾ ਬਰਫ਼ਾਨੀ ਗੁਫ਼ਾ
ਪੰਜਤਰਣੀ ਤੋਂ ਬਾਬਾ ਬਰਫ਼ਾਨੀ ਗੁਫ਼ਾ ਦੀ ਦੂਰੀ ਮਹਿਜ਼ 6 ਕਿ.ਮੀ ਹੈ ਤੇ ਇਹ ਮਾਰਗ ਪੈਦਲ ਹੀ ਤੈਅ ਕੀਤਾ ਜਾਂਦਾ ਹੈ।
ਯਾਤਰਾ ਦੌਰਾਨ ਧਿਆਨ ਰੱਖਣ ਯੋਗ ਗੱਲਾਂ-
- ਯਾਤਰਾ ਲਈ ਰਜਿਸਟ੍ਰੇਸ਼ਨ ਜ਼ਰੂਰ ਕਰਵਾਓ।
- ਯਾਤਰਾ ਤੋਂ 2-3 ਦਿਨ ਪਹਿਲਾਂ ਹੀ 4-5 ਕਿ.ਮੀ ਸਵੇਰੇ-ਸ਼ਾਮ ਸੈਰ ਕਰੋ।
- ਖਾਲੀ ਪੇਟ ਯਾਤਰਾ ਨਾ ਕਰੋ ਤੇ ਸਿਹਤ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ।
- ਆਪਣੇ ਸਾਮਾਨ ਨਾਲ ਲੱਦੇ ਘੋੜੇ, ਖੱਚਰ ਅਤੇ ਕੁਲੀਆਂ ਦੇ ਨਾਲ ਰਹੋ।
- ਬਾਰਿਸ਼ ਤੋਂ ਬਚਾਅ ਲਈ ਸਮਾਨ ਵਾਟਰਪਰੂਫ਼ ਬੈਗ 'ਚ ਰੱਖੋਂ।
- ਡੰਡਾ, ਸਵੈਟਰ, ਰੇਨਕੋਟ, ਛੱਤਰੀ, ਟਾਰਚ, ਗਰਮ ਕੱਪੜੇ ਅਤੇ ਸਲੀਪਿੰਗ ਬੈਗ ਕੋਲ ਜ਼ਰੂਰ ਰੱਖੋ।
- ਚੇਤਾਵਨੀ ਵਾਲੇ ਇਲਾਕਿਆਂ 'ਚ ਕਦੇ ਨਾ ਰੁਕੋ।
- ਯਾਤਰਾ ਦੌਰਾਨ ਪਾਲੀਥਿਨ ਜਾਂ ਪਲਾਸਟਿਕ ਬੈਗ 'ਤੇ ਬੈਨ ਹੈ।
- ਤੈਅ ਕੀਤੇ ਗਏ ਕਿਰਾਏ ਤੋਂ ਜ਼ਿਆਦਾ ਭੁਗਤਾਨ ਨਾ ਕਰੋ।
- ਤੈਅ ਟ੍ਰੈਕ ਦੇ ਬਦਲੇ ਸ਼ਾਰਟਕੋਰਟ ਰੂਟ ਨਾ ਅਪਣਾਓ।
- ਆਪਣੇ ਕੋਲ ਜ਼ਰੂਰੀ ਦਵਾਈਆਂ ਅਤੇ ਖਾਣਪੀਣ ਦਾ ਸਮਾਨ ਜ਼ਰੂਰ ਰੱਖੋ।
- ਯਾਤਰਾ ਦੌਰਾਨ ਸੂਬਾ ਸਰਕਾਰ ਵੱਲੋਂ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੁੰਦਾ ਹੈ, ਇਸ ਲਈ ਬੁਕਿੰਗ ਬੇਸ ਕੈਂਪਾਂ ਤੋਂ ਕੀਤੀ ਜਾ ਸਕਦੀ ਹੈ।