ਹੈਦਰਾਬਾਦ: ਪਾਕਿਸਤਾਨ ਇਸ ਗੱਲ ਤੋਂ ਇਨਕਾਰ ਕਰ ਰਿਹਾ ਸੀ ਕਿ ਪਾਕਿਸਤਾਨੀ ਫੌਜੀਆਂ ਨੇ ਭਾਰਤੀ ਖੇਤਰ ਦੇ ਕਾਰਗਿਲ ਵਿਚ ਘੁਸਪੈਠ ਕੀਤੀ ਹੈ। ਪਾਕਿਸਤਾਨ ਨੇ ਕਿਹਾ ਕਿ ਜੇਹਾਦੀ ਅਨਸਰਾਂ ਨੇ ਕਾਰਗਿਲ ‘ਤੇ ਕਬਜਾ ਕਰ ਲਿਆ ਹੈ, ਪਰ ਪਾਕਿਸਤਾਨੀ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਅਤੇ ਲੈਫਟੀਨੈਂਟ ਜਨਰਲ ਮੁਹੰਮਦ ਅਜ਼ੀਜ਼ ਖ਼ਾਨ ਦਰਮਿਆਨ ਹੋਈ ਇੱਕ ਟੈਲੀਫੋਨ ਗੱਲਬਾਤ ਨੇ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ ਕੀਤਾ।
ਇਸ ਗੱਲਬਾਤ ਤੋਂ ਇਹ ਸਾਬਤ ਹੋਇਆ ਕਿ ਪਾਕਿਸਤਾਨ ਨੇ ਜੋ ਕਿਹਾ ਉਹ ਸਭ ਕੁਝ ਗਲਤ ਅਤੇ ਝੂਠ ਸੀ। ਪਹਿਲੀ ਟੈਲੀਫ਼ੋਨਿਕ ਗੱਲਬਾਤ 26 ਮਈ 1999 ਨੂੰ ਲੈਫਟੀਨੈਂਟ ਜਨਰਲ ਮੁਹੰਮਦ ਅਜ਼ੀਜ਼ ਖ਼ਾਨ ਅਤੇ ਜਨਰਲ ਪਰਵੇਜ਼ ਮੁਸ਼ੱਰਫ ਵਿਚਕਾਰ ਹੋਈ ਸੀ। ਦੂਜੀ ਗੱਲਬਾਤ ਲੈਫਟੀਨੈਂਟ ਜਨਰਲ ਮੁਹੰਮਦ ਅਜ਼ੀਜ਼ ਖ਼ਾਨ ਅਤੇ ਜਨਰਲ ਪਰਵੇਜ਼ ਮੁਸ਼ੱਰਫ ਵਿਚਕਾਰ 29 ਮਈ 1999 ਨੂੰ ਹੋਈ ਸੀ।
ਪਾਕਿਸਤਾਨੀ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਜੋ ਉਸ ਸਮੇਂ ਚੀਨ ਦੀ ਯਾਤਰਾ 'ਤੇ ਸਨ ਅਤੇ ਲੈਫਟੀਨੈਂਟ ਜਨਰਲ ਮੁਹੰਮਦ ਅਜ਼ੀਜ਼ ਖ਼ਾਨ, ਜੋ ਰਾਵਲਪਿੰਡੀ ਵਿਚ ਸਨ, ਵਿਚਕਾਰ ਗੱਲਬਾਤ ਦੀ ਜਾਣਕਾਰੀ ਮਿਲੀ ਸੀ।
ਇੰਟੈਲੀਜੈਂਸ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਕਥਿਤ ਤੌਰ 'ਤੇ ਹੋਈ ਗੱਲਬਾਤ ਦੀ ਪ੍ਰਤੀਲਿਪੀ (ਟ੍ਰਾਂਸਕ੍ਰਿਪਟ) ਨੂੰ ਭਾਰਤ ਸਰਕਾਰ ਨੇ 11 ਜੂਨ ਨੂੰ ਜਾਰੀ ਕੀਤਾ ਸੀ। ਇਸ ਨੇ ਪੂਰੀ ਦੁਨੀਆ ਨੂੰ ਪਾਕਿਸਤਾਨ ਦੇ ਇਰਾਦਿਆਂ ਬਾਰੇ ਦੱਸਿਆ ਅਤੇ ਸੱਚਾਈ ਦਾ ਖੁਲਾਸਾ ਕੀਤਾ। ਇਹਨਾਂ ਨੂੰ ਲਗਭਗ ਇਕ ਹਫ਼ਤਾ ਪਹਿਲਾਂ ਜਨਤਕ ਕੀਤਾ ਗਿਆ ਸੀ। ਟੇਪ ਅਤੇ ਟ੍ਰਾਂਸਕ੍ਰਿਪਟਾਂ ਦੀਆਂ ਕਾਪੀਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੌਂਪੀਆਂ ਗਈਆਂ ਸਨ।
ਟੇਪ ਵਿੱਚ, ਕਾਰਗਿਲ ਖੇਤਰ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਤਣਾਅ ਘਟਾਉਣ ਲਈ ਪਾਕਿ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਦੀ ਭਾਰਤ ਫੇਰੀ, ਨਵਾਜ਼ ਸ਼ਰੀਫ ਦੇ ਕਾਰਗਿਲ ਦੀ ਸਥਿਤੀ ਨੂੰ ਲੈ ਕੇ ਚੁੱਕੇ ਜਾ ਰਹੇ ਕਦਮ, ਸੀਨੀਅਰ ਫੌਜੀ ਕਮਾਂਡਰਾਂ ਅਤੇ ਮੁਜਾਹਿਦੀਨ ਦੀ ਭੂਮਿਕਾ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਸਨ।
ਇਸ ਪ੍ਰਤੀਲਿਪੀ ਨੇ ਪਾਕਿਸਤਾਨੀ ਫੌਜ ਦੀ ਰਣਨੀਤਿਕ ਭੂਮਿਕਾ ਅਤੇ ਗਲਤ ਇਰਾਦਿਆਂ ਬਾਰੇ ਕੋਈ ਸ਼ੱਕ ਨਹੀਂ ਛੱਡਿਆ। ਟੇਪਾਂ ਅਤੇ ਦਸਤਾਵੇਜ਼ਾਂ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਪਾਕਿਸਤਾਨੀ ਬਟਾਲੀਅਨ ਕਾਰਗਿਲ ‘ਤੇ ਕਬਜਾ ਕਰਨ ਲਈ ਯੁੱਧ ਲਈ ਤਿਆਰ ਸਨ।