ਹੈਦਰਾਬਾਦ: ਭਾਰਤ ਰਤਨ ਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਜਨਮ 11 ਦਸੰਬਰ, 1935 ਨੂੰ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਦੀ ਗਿਣਤੀ ਦੇਸ਼ ਦੇ ਵੱਡੇ ਸਿਆਸੀ ਲੀਡਰਾਂ ਵਿੱਚ ਹੁੰਦੀ ਹੈ। ਪ੍ਰਣਬ ਮੁਖਰਜੀ ਨੇ 2012 ਤੋਂ 2017 ਤੱਕ ਭਾਰਤ ਦੇ 13ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਕੰਮ ਕੀਤਾ ਹੈ। ਰਾਸ਼ਟਰਪਤੀ ਦੇ ਰੂਪ ਵਿੱਚ ਚੁਣੇ ਜਾਣ ਤੋਂ ਪਹਿਲਾਂ, ਮੁਖਰਜੀ 2009 ਤੋਂ 2012 ਤੱਕ ਕੇਂਦਰੀ ਵਿੱਤ ਮੰਤਰੀ ਸਨ। ਉਨ੍ਹਾਂ ਨੂੰ ਕਾਂਗਰਸ ਦਾ ਸੰਕਟ ਮੋਚਨ ਮੰਨਿਆ ਜਾਂਦਾ ਸੀ।
ਸਿੱਖਿਆ
- ਪ੍ਰਣਬ ਮੁਖਰਜੀ ਨੇ ਕਲਕੱਤਾ ਯੂਨੀਵਰਸਿਟੀ ਤੋਂ ਇਤਿਹਾਸ ਅਤੇ ਰਾਜਨੀਤੀ ਵਿਗਿਆਨ ਵਿੱਚ ਬੈਚਲਰ ਅਤੇ ਮਾਸਟਰ ਡਿਗਰੀਆਂ ਦੇ ਨਾਲ-ਨਾਲ ਕਾਨੂੰਨ ਦੀ ਡਿਗਰੀ ਵੀ ਹਾਸਲ ਕੀਤੀ ਸੀ।
ਮੁੱਢਲਾ ਜੀਵਨ
- ਰਾਜਨੀਤਿਕ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ, ਪ੍ਰਣਬ ਮੁਖਰਜੀ ਕਲਕੱਤਾ (ਹੁਣ ਕੋਲਕਾਤਾ) ਵਿੱਚ ਡਿਪਟੀ ਅਕਾਉਂਟੈਂਟ-ਜਨਰਲ (ਪੋਸਟ ਅਤੇ ਟੈਲੀਗ੍ਰਾਫ਼) ਦੇ ਦਫ਼ਤਰ ਵਿੱਚ ਅਪਰ ਡਿਵੀਜਨ ਕਲਰਕ ਸਨ। 1963 ਵਿੱਚ ,ਉਹ ਵਿਦਿਆ ਨਗਰ ਕਾਲਜ ਵਿੱਚ ਰਾਜਨੀਤੀ ਵਿਗਿਆਨ ਦੇ ਲੈਕਚਰਾਰ ਬਣੇ ਅਤੇ ਦੇਸ਼ਰ ਡਾਕ ਦੇ ਨਾਲ ਪੱਤਰਕਾਰ ਦੇ ਰੂਪ ਵਿੱਚ ਵੀ ਕੰਮ ਕੀਤਾ।
ਪ੍ਰਣਬ ਮੁਖਰਜੀ ਦੇ ਜੀਵਨ ਨਾਲ ਜੁੜੇ ਰੋਚਕ ਤੱਤ
- ਪ੍ਰਣਬ ਦੇ ਪਿਤਾ, ਕਾਮਦਾ ਕਿੰਕਰ ਮੁਖਰਜੀ ਨੇ ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲਿਆ ਸੀ ਅਤੇ 1952 ਅਤੇ 1964 ਵਿਚਕਾਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੁਮਾਇੰਦੇ ਦੇ ਰੂਪ ਵਿੱਚ ਪੱਛਮੀ ਬੰਗਾਲ ਵਿਧਾਨ ਕੌਂਸਲ ਦੇ ਮੈਂਬਰ ਸਨ।
- ਪ੍ਰਣਬ ਮੁਖਰਜੀ ਨੇ 1969 ਵਿੱਚ ਰਾਜਨੀਤੀ ਵਿੱਚ ਕਦਮ ਰੱਖਿਆ। ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਕਾਂਗਰਸ ਦੀ ਟਿਕਟ ਉੱਤੇ ਰਾਜ ਸਭਾ ਦੇ ਲਈ ਚੁਣੇ ਜਾਣ ਵਿੱਚ ਮਦਦ ਕੀਤੀ ਸੀ।
- ਇਸ ਤੋਂ ਬਾਅਦ ਉਹ ਇੰਦਰਾ ਗਾਂਧੀ ਦੇ ਭਰੋਸੇਮੰਦ ਬਣ ਗਏ ਅਤੇ 1973 ਵਿੱਚ ਉਨ੍ਹਾਂ ਦੀ ਕੈਬਿਨੇਟ ਵਿੱਚ ਮੰਤਰੀ ਦੇ ਰੂਪ ਵਿੱਚ ਸ਼ਾਮਲ ਹੋਏ।
- 1975-77 ਦੇ ਵਿਵਾਦ ਪੂਰਨ ਸਮੇਂ ਦੇ ਦੌਰਾਨ ਉਨ੍ਹਾਂ ਉੱਤੇ (ਕਈ ਹੋਰ ਕਾਂਗਰਸੀ ਨੇਤਾਵਾਂ ਦੀ ਤਰ੍ਹਾਂ) ਮਨਮਾਨੀ ਕਰਨ ਦੇ ਦੋਸ਼ ਵੀ ਲੱਗੇ ਸਨ।
- ਉਹ ਸਾਲ 1984 ਵਿੱਚ ਭਾਰਤ ਦੇ ਵਿੱਤ ਮੰਤਰੀ ਬਣੇ। ਇਸ ਤੋਂ ਪਹਿਲਾਂ 1982 ਤੋਂ 84 ਤੱਕ ਕਈ ਮੰਤਰਾਲਿਆਂ ਦਾ ਅਹੁਦਾ ਵੀ ਸਾਂਭਿਆ।
- ਪ੍ਰਣਬ ਮੁਖਰਜੀ 1980 ਤੋਂ 1985 ਤੱਕ ਰਾਜ ਸਭਾ ਵਿੱਚ ਸਦਨ ਦੇ ਨੇਤਾ ਵੀ ਰਹੇ।
- ਮੁਖਰਜੀ ਖ਼ੁਦ ਨੂੰ ਇੰਦਰਾ ਗਾਂਧੀ ਦੇ ਉੱਤਰਾਧਿਕਾਰੀ ਮੰਨਦੇ ਸਨ, ਪਰ ਰਾਜੀਵ ਗਾਂਧੀ ਦੇ ਕਾਰਨ ਉਹ ਸਫ਼ਲ ਨਹੀਂ ਹੋਏ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਰਾਸ਼ਟਰੀ ਸਮਾਜਵਾਦੀ ਕਾਂਗਰਸ ਪਾਰਟੀ ਬਣਾਈ, ਜਿਸ ਦਾ ਸਾਲ 1989 ਵਿੱਚ ਰਾਜੀਵ ਗਾਂਧੀ ਦੀ ਸਹਿਮਤੀ ਤੋਂ ਬਾਅਦ ਕਾਂਗਰਸ ਵਿੱਚ ਰਲੇਵਾਂ ਹੋ ਗਿਆ ਹੈ।
- ਸਾਲ 1991 ਵਿੱਚ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ, ਮੁਖਰਜੀ ਦਾ ਰਾਜਨੀਤਿਕ ਕਰਿਅਰ ਉਦੋਂ ਪ੍ਰਵਾਨ ਚੜ੍ਹਿਆ, ਜਦੋਂ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਨੇ ਉਨ੍ਹਾਂ ਨੂੰ 1991 ਵਿੱਚ ਯੋਜਨਾ ਕਮਿਸ਼ਨ ਦਾ ਵਾਇਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਅਤੇ 1995 ਵਿੱਚ ਉਹ ਵਿਦੇਸ਼ ਮੰਤਰੀ ਬਣੇ।
- ਮੁਖਰਜੀ 1998 ਵਿੱਚ ਸੋਨੀਆ ਗਾਂਧੀ ਦੀ ਕਾਂਗਰਸ ਪ੍ਰਧਾਨ ਦੇ ਰੂਪ ਵਿੱਚ ਤਾਜਪੋਸ਼ੀ ਦੇ ਮੁੱਖ ਆਰਕੀਟੈਕਟ ਸਨ।
- ਸੋਨੀਆ ਗਾਂਧੀ ਦੇ ਰਾਜਨੀਤੀ ਵਿੱਚ ਸ਼ਾਮਲ ਹੋਣ ਦੇ ਲਈ ਸਹਿਮਤ ਹੋਣ ਤੋਂ ਬਾਅਦ, ਮੁਖਰਜੀ ਉਨ੍ਹਾਂ ਦੇ ਰਾਜਨੀਤਿਕ ਗੁਰੂਆਂ ਵਿੱਚੋਂ ਇੱਕ ਸਨ ਅਤੇ ਮੁਸ਼ਕਿਲ ਸਥਿਤੀਆਂ ਵਿੱਚ ਸੋਨੀਆ ਦਾ ਮਾਰਗ-ਦਰਸ਼ਨ ਕਰਦੇ ਸਨ ਅਤੇ ਉਨ੍ਹਾਂ ਦੀ ਸੱਸ ਇੰਦਰਾ ਗਾਂਧੀ ਦਾ ਉਦਾਹਰਣ ਪੇਸ਼ ਕਰਦੇ ਸਨ।
- ਮੁਖਰਜੀ ਨੂੰ 2011 ਵਿੱਚ ਭਾਰਤ ਵਿੱਚ ਸਰਵਸ਼੍ਰੇਠ ਪ੍ਰਸ਼ਾਸਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
- ਪ੍ਰਣਬ ਮੁਖਰਜੀ ਉਨ੍ਹਾਂ ਗਿਣੇ-ਚੁਣੇ ਭਾਰਤੀ ਰਾਜਨੀਤਿਕਾਂ ਵਿੱਚੋਂ ਹਨ, ਜਿਨ੍ਹਾਂ ਨੇ ਵਿੱਤ, ਰੱਖਿਆ ਅਤੇ ਵਿਦੇਸ਼ ਮੰਤਰੀ ਤਿੰਨ ਮੁੱਖ ਮੰਤਰਾਲਿਆਂ ਨੂੰ ਸੰਭਾਲਿਆ ਹੈ।
- ਉਹ ਉਦਾਰੀਕਰਨ ਤੋਂ ਪਹਿਲਾਂ ਅਤੇ ਉਦਾਰੀਕਰਨ ਤੋਂ ਬਾਅਦ ਦੇ ਕਾਲ ਵਿੱਚ ਬਜਟ ਪੇਸ਼ ਕਰਨ ਵਾਲੇ ਇਕਲੌਤੇ ਵਿੱਤ ਮੰਤਰੀ ਹਨ।
- ਇੰਦਰਾ ਗਾਂਧੀ ਨੇ ਇੱਕ ਵਾਰ ਮੁਖਰਜੀ ਨੂੰ ਸੁਝਾਅ ਦਿੱਤਾ ਕਿ ਉਹ ਇੱਕ ਅੰਗ੍ਰੇਜ਼ੀ ਅਧਿਆਪਕ ਨੂੰ ਨਿਯਕੁਤ ਕਰਨ ਅਤੇ ਆਪਣੇ ਉਚਾਰਨ ਨੂੰ ਦਰੁਸਤ ਕਰਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਉਹ ਆਪਣੇ ਬੰਗਾਲੀ ਲਹਿਜ਼ੇ ਵਿੱਚ ਹੀ ਅੰਗ੍ਰੇਜ਼ੀ ਬੋਲਣਾ ਪਸੰਦ ਕਰਦੇ ਸਨ।
ਪਹਿਲੀ ਚੋਣ ਜਿੱਤਣ ਉੱਤੇ ਉਨ੍ਹਾਂ ਦਾ ਬਿਆਨ
ਸਾਲ 2004 ਵਿੱਚ ਜਦ ਕਾਂਗਰਸ ਦੀ ਅਗਵਾਈ ਵਾਲਾ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਸੱਤਾ ਵਿੱਚ ਆਇਆ, ਉਦੋਂ ਮੁਖਰਜੀ ਨੇ ਪਹਿਲੀ ਵਾਰ ਲੋਕਸਭਾ ਸੀਟ ਜਿੱਤੀ ਅਤੇ 2012 ਤੱਕ ਕਈ ਮੁੱਖ ਮੰਤਰਾਲਿਆਂ ਜਿਵੇਂ- ਰੱਖਿਆ, ਵਿਦੇਸ਼ ਮਾਮਲੇ ਅਤੇ ਵਿੱਤ ਦਾ ਕਾਰਜ਼ਕਾਰ ਸਾਂਭਿਆ। ਇਸ ਤੋਂ ਇਲਾਵਾ ਕਈ ਮੰਤਰੀਆਂ ਦੇ ਸਮੂਹ ਦੇ ਮੁਖੀ ਅਤੇ ਲੋਕਸਭਾ ਵਿੱਚ ਸਦਨ ਦੇ ਨੇਤਾ ਰਹੇ।
ਪ੍ਰਣਬ ਮੁਖਰਜੀ ਨੇ 2004 ਤੱਕ ਕਦੇ ਵੀ ਲੋਕਸਭਾ ਚੋਣ ਨਹੀਂ ਜਿੱਤੀ ਸੀ, ਇਸ ਕਾਰਨ ਕਾਂਗਰਸ ਦੇ ਕੁੱਝ ਨੇਤਾ ਨੇ ਉਨ੍ਹਾਂ ਨੂੰ ਬਿਨਾਂ ਜਨਾਧਾਰ ਵਾਲਾ ਨੇਤਾ ਵੀ ਕਹਿੰਦੇ ਸਨ। ਜਦ ਉਹ ਪੱਛਮੀ ਬੰਗਾਲ ਦੀ ਜੰਗੀਪੁਰ ਲੋਕਸਭਾ ਸੀਟ ਤੋਂ 2004 ਵਿੱਚ ਚੋਣ ਜਿੱਤੇ ਤਾਂ ਉਹ ਖ਼ੁਸੀ ਨਾਲ ਰੋ ਪਏ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ, ਮੇਰੇ ਲਈ ਇਹ ਸੁਪਨਾ ਸੱਚ ਹੋਣ ਵਰਗਾ ਹੈ, ਅਜਿਹਾ ਸੁਪਨਾ ਜੋ ਲੰਬੇ ਸਮੇਂ ਤੱਕ ਮੇਰੇ ਰਿਹਾ।
ਰਾਸ਼ਟਰਪਤੀ ਦੇ ਰੂਪ ਵਿੱਚ ਜਦ 25 ਜੁਲਾਈ, 2017 ਨੂੰ ਉਨ੍ਹਾਂ ਦਾ ਕਾਰਜ਼ਕਾਲ ਖ਼ਤਮ ਹੋਇਆ ਤਾਂ ਮੁਖਰਜੀ ਨੇ ਸਿਹਤ ਸਮੱਸਿਆਵਾਂ ਕਾਰਨ ਦੁਬਾਰਾ ਰਾਸ਼ਟਰਪਤੀ ਚੋਣ ਨਾ ਲੜੀ ਅਤੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ।