ਕਰਨਾਲ: ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦਿੱਲੀ ਦੇ ਕੁੰਡਲੀ ਬਾਰਡਰ 'ਤੇ ਕਿਸਾਨ ਪ੍ਰਦਰਸ਼ਨ 'ਚ ਡਟੇ ਸੰਤ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਨੇ ਬੁੱਧਵਾਰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਸੰਤ ਰਾਮ ਸਿੰਘ ਜੀ ਦਾ ਅੰਤਿਮ ਸਸਕਾਰ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੱਡੀ ਗਿਣਤੀ ਸ਼ਰਧਾਲੂ ਅੰਤਿਮ ਦਰਸ਼ਨ ਕਰਨ ਲਈ ਪਹੁੰਚਣਗੇ।
ਹਜ਼ਾਰਾਂ ਸ਼ਰਧਾਲੂਆਂ ਨੇ ਨਮ ਅੱਖਾਂ ਨਾਲ ਸੰਤ ਰਾਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਸੰਤ ਰਾਮ ਸਿੰਘ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਸੰਤ ਬਾਬਾ ਰਾਮ ਸਿੰਘ ਨੇ ਆਤਮਹੱਤਿਆਂ ਨਹੀਂ ਕੀਤੀ ਬਲਕਿ ਕਿਸਾਨਾਂ ਲਈ ਸ਼ਹਾਦਤ ਦਿੱਤੀ ਹੈ। ਉਨ੍ਹਾਂ ਵੱਲੋਂ ਜਾਨ ਦੇਣ 'ਤੇ ਕਈ ਸਿਆਸੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸੰਤ ਬਾਬਾ ਰਾਮ ਸਿੰਘ ਸੀਂਗੜਾ ਦਾ ਸਿੱਖ ਪੰਥ ਦੇ ਅੰਦਰ ਵੱਡਾ ਨਾਂਅ ਹੈ ਉਨ੍ਹਾਂ ਨੂੰ ਕਥਾ ਕੀਰਤਨ ਤੇ ਮਹਾਨ ਵਿਦਵਾਨ ਹੋਣ ਕਰਕੇ ਪੁਰੇ ਸਿੱਖ ਜਗਤ ਅੰਦਰ ਸਤਿਕਾਰਿਆ ਜਾਂਦਾ ਸੀ। ਕਰਨਾਲ ਦੇ ਰਹਿਣ ਵਾਲੇ ਸੰਤ ਬਾਬਾ ਰਾਮ ਸਿੰਘ ਸੀਂਗੜਾ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਗਿਆ ਸੀ
ਦਿੱਲੀ ਧਰਨੇ 'ਤੇ ਬੈਠੇ ਕਿਸਾਨਾਂ ਦੇ ਹਾਲਾਤ 'ਤੇ ਕਰਨਾਲ ਦੇ ਸੀਂਗੜਾ ਸਥਿਤ ਨਾਨਕਸਰ ਗੁਰਦੁਆਰਾ ਦੇ ਸੰਤ ਬਾਬਾ ਰਾਮ ਸਿੰਘ ਨੇ ਖੁਦ ਨੂੰ ਗੋਲ਼ੀ ਮਾਰ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਬੁੱਧਵਾਰ ਸ਼ਾਮ ਉਨ੍ਹਾਂ ਦੀ ਮ੍ਰਿਤਕ ਦੇਹ ਕਰਨਾਲ ਲਿਆਂਦੀ ਗਈ।