ਬਿਹਾਰ ਦੇ ਚੰਪਾਰਨ ਖੇਤਰ ਦੀ ਮਹਾਨ ਇਤਿਹਾਸਕ ਮਹੱਤਤਾ ਹੈ, ਕਿਉਂਕਿ ਇਹ ਉਹ ਥਾਂ ਸੀ ਜਿੱਥੋਂ ਮਹਾਤਮਾ ਗਾਂਧੀ ਨੇ ਪਹਿਲਾ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਸੀ। ਮੋਤੀਹਾਰੀ ਦੇ ਚੰਪਾਰਨ ਨੂੰ ਗਾਂਧੀ ਦੀ ਕਰਮਭੂਮੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਨੇ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਂਦੀ ਸੀ। ਬ੍ਰਿਟਿਸ਼ ਸ਼ਾਸਨ ਦੌਰਾਨ, ਜ਼ਮੀਂਦਾਰਾਂ ਵੱਲੋਂ ਕਿਸਾਨਾਂ ਨੂੰ ਤਸੀਹੇ ਦਿੱਤੇ ਜਾਂਦੇ ਸਨ ਅਤੇ ਚੰਪਾਰਨ ਵਿੱਚ ਉਨ੍ਹਾਂ 'ਤੇ ਗੈਰ ਕਾਨੂੰਨੀ ਟੈਕਸ ਲਗਾਏ ਗਏ ਸਨ। ਪਰ 1916 ਵਿੱਚ ਲਖਨਉ ਵਿਖੇ ਕਾਂਗਰਸ ਦੇ ਇਜਲਾਸ 'ਚ ਗਾਂਧੀ ਜੀ ਰਾਜ ਕੁਮਾਰ ਸ਼ੁਕਲਾ ਨੂੰ ਮਿਲੇ, ਜਿਨ੍ਹਾਂ ਨੇ ਤਿਨਕਥੀਆ ਨਿਯਮ ਅਤੇ ਜ਼ਿਮੀਂਦਾਰਾਂ ਵੱਲੋਂ ਲਗਾਏ ਗਏ ਨਾਜਾਇਜ਼ ਟੈਕਸ ਵਿਰੁੱਧ ਆਵਾਜ਼ ਚੁੱਕੀ ਸੀ।
ਰਾਜ ਕੁਮਾਰ ਸ਼ੁਕਲਾ ਨੇ ਗਾਂਧੀ ਜੀ ਨੂੰ ਆਪ ਕਿਸਾਨਾਂ ਦੇ ਦੁੱਖ ਵੇਖਣ ਲਈ ਚੰਪਾਰਨ ਆਉਣ ਦੀ ਬੇਨਤੀ ਕੀਤੀ ਸੀ। ਜਿਸ ਤੋਂ ਬਾਅਦ ਗਾਂਧੀ ਜੀ 1917 ਵਿੱਚ ਰਾਜ ਕੁਮਾਰ ਸ਼ੁਕਲਾ ਦੇ ਨਾਲ ਚੰਪਾਰਨ ਗਏ। ਮੋਤੀਹਾਰੀ ਪਹੁੰਚਣ ਤੋਂ ਬਾਅਦ ਅਗਲੀ ਸਵੇਰ ਜਦੋਂ ਗਾਂਧੀ ਜੀ ਨੇ ਸੁਣਿਆ ਕਿ ਇੱਕ ਕਿਸਾਨ ਨੂੰ ਕੁੱਟਿਆ ਗਿਆ ਹੈ, ਤਾਂ ਉਹ ਹਾਥੀ 'ਤੇ ਸਵਾਰ ਹੋ ਕੇ ਵਾਪਸ ਜਸੌਲੀਪੱਟੀ ਪਿੰਡ ਲਈ ਰਵਾਨਾ ਹੋ ਗਏ। ਰਾਹ ਵਿੱਚ ਚੰਦਰਹੀਆ ਪਿੰਡ ਵਿਖੇ ਉਨ੍ਹਾਂ ਨੂੰ ਤਤਕਾਲੀ ਜ਼ਿਲ੍ਹਾ ਮੈਜਿਸਟਰੇਟ ਡਬਲਯੂ ਬੀ ਹੇਕੌਕ ਨੇ ਚੰਪਾਰਨ ਨੂੰ ਛੇਤੀ ਤੋਂ ਛੇਤੀ ਛੱਡਣ ਦਾ ਨੋਟਿਸ ਮਿਲਿਆ। ਗਾਂਧੀ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਐਸਡੀਓ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਚੰਪਾਰਨ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੇ ਜੇਲ ਥਾਣੇ ਅਤੇ ਕਚਹਿਰੀਆਂ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਇਸ ਲਈ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਸਰਕਾਰ ਨੇ ਗਾਂਧੀ ਜੀ ਨੂੰ ਰਿਹਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਜ਼ਿਲ੍ਹੇ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਗਾਂਧੀ ਜੀ ਨੇ ਕਿਸਾਨਾਂ ਦੇ ਮਸਲਿਆਂ ਨੂੰ ਸਮਝਣ ਲਈ 2900 ਪਿੰਡਾਂ ਦੇ 13,000 ਕਿਸਾਨਾਂ ਦੇ ਬਿਆਨ ਦਰਜ ਕੀਤੇ। ਮਹਾਤਮਾ ਗਾਂਧੀ ਦੀ ਰਹਿਨੁਮਾਈ ਹੇਠ ਅਖੀਰ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਲਗਾਏ ਗਏ ਨਾਜਾਇਜ਼ ਟੈਕਸ ਨੂੰ ਖ਼ਤਮ ਕਰਨ ਮਗਰੋਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਖ਼ਤਮ ਹੋਇਆ। ਇਸ ਅੰਦੋਲਨ ਦੌਰਾਨ ਹੀ ਲੋਕਾਂ ਨੇ ਗਾਂਧੀ ਜੀ ਨੂੰ ਮਹਾਤਮਾ ਕਹਿਣਾ ਸ਼ੁਰੂ ਕੀਤਾ। ਚੰਪਾਰਨ ਵਿੱਚ ਸਿਵਲ ਅਵੱਗਿਆ ਲਹਿਰ ਦੀ ਸਫ਼ਲਤਾ ਨੇ ਭਾਰਤ ਦੀ ਆਜ਼ਾਦੀ ਦਾ ਰਾਹ ਪੱਧਰਾ ਕੀਤਾ।