ਨਵੀਂ ਦਿੱਲੀ: ਖ਼ੂਫੀਆ ਵਿਭਾਗ ਨੇ ਜੰਮੂ-ਕਸ਼ਮੀਰ ਅਤੇ ਅਯੁੱਧਿਆ ਵਿੱਚ 5 ਅਗਸਤ ਨੂੰ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। 5 ਅਗਸਤ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਲਈ ਭੂਮੀ ਪੂਜਨ ਕੀਤਾ ਜਾਣਾ ਹੈ।
ਇਹ ਵੀ ਦੱਸ ਦਈਏ ਕਿ ਪਿਛਲੇ ਸਾਲ 5 ਅਗਸਤ ਨੂੰ ਕਸ਼ਮੀਰ ਵਿੱਚੋਂ ਧਾਰਾ 370 ਨੂੰ ਮਨਸੂਖ਼ ਕਰ ਦਿੱਤਾ ਗਿਆ ਸੀ। ਅਤਿਹਿਆਤ ਦੇ ਤੌਰ 'ਤੇ ਅਯੁੱਧਿਆ, ਦਿੱਲੀ ਅਤੇ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਇੰਟੈਲੀਜੈਂਸ ਏਜੰਸੀ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਪਾਕਿਸਤਾਨ ਫ਼ੌਜ ਵੱਲੋਂ ਸਿਖਲਾਈ ਦਿੱਤੇ ਅੱਤਵਾਦੀ ਹਨ ਜੋ ਕਿ ਇਸ ਮੌਕੇ ਨਿਸ਼ਾਨਾ ਬਣਾ ਸਕਦੇ ਹਨ।
ਖ਼ੂਫੀਆ ਵਿਭਾਗ ਮੁਤਾਬਕ, ਪਾਕਿਸਤਾਨ ਫ਼ੌਜ 20 ਤੋਂ 25 ਫ਼ੀਸਦ ਅੱਤਵਾਦੀਆਂ ਨੂੰ ਕੌਮਾਂਤਰੀ ਸਰਹੱਦ (ਜੰਮੂ-ਕਸ਼ਮੀਰ) ਵਿੱਚ ਘੁਸਪੈਠ ਕਰਨ ਦੀ ਫਿਰਾਕ ਵਿੱਚ ਹੈ। ਇੰਨਾ ਹੀ ਨਹੀਂ ਪਾਕਿਸਤਾਨ ਫ਼ੌਜ 5-6 ਅੱਤਵਾਦੀਆਂ ਨੂੰ ਭਾਰਤ ਅਤੇ ਨੇਪਾਲ ਸੀਮਾ ਰਾਹੀਂ ਘੁਸਪੈਠ ਕਰਨ ਦੀ ਤਿਆਰੀ ਵਿੱਚ ਹੈ।
ਸੁਰੱਖਿਆ ਏਜੰਸੀਆ ਮੁਤਾਬਕ, ਜੰਮੂ-ਕਸ਼ਮੀਰ ਤੋਂ ਧਾਰਾ 370 ਮਨਸੂਖ਼ ਕੀਤੇ ਜਾਣ ਦੇ ਇੱਕ ਸਾਲ ਬਾਅਦ ਇਹ ਹਮਲਾ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਹਮਲਾ ਜਾਂ ਤਾਂ 5 ਅਗਸਤ ਜਾਂ ਫਿਰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਹੋ ਸਕਦਾ ਹੈ।
ਇਹ ਵੀ ਚਰਚਾ ਹੈ ਕਿ ਰਾਮ ਮੰਦਰ ਦੇ ਭੂਮੀ ਪੂਜਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਾਸ ਤੌਰ 'ਤੇ ਸ਼ਾਮਲ ਹੋ ਸਕਦੇ ਹਨ। ਇਸ ਲਈ ਸੁਰੱਖਿਆ ਦਾ ਖ਼ਾਸ ਇੰਤਜਾਮ ਕੀਤਾ ਜਾ ਰਿਹਾ ਹੈ।