ਨਵੀਂ ਦਿੱਲੀ: ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਨ, ਰਾਸ਼ਟਰਪਤੀ ਰਾਜ ਦੀ ਵੈਧਤਾ ਤੇ ਸੂਬੇ ਵਿੱਚ ਲਾਈਆਂ ਪਾਬੰਦੀਆਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਹੋਵੇਗੀ।
ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸਏ ਬੋਬੜੇ ਤੇ ਐੱਸ. ਅਬਦੁਲ ਨਜ਼ੀਰ ਦਾ ਬੈਂਚ ਕੁਝ ਨਵੀਂਆਂ ਪਟੀਸ਼ਨਾਂ ਉੱਤੇ ਵੀ ਸੁਣਵਾਈ ਕਰੇਗਾ ਜਿਸ ਵਿੱਚ ਇੱਕ ਪਟੀਸ਼ਨ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗ਼ੁਲਾਮ ਨਬੀ ਆਜ਼ਾਦ ਦੀ ਪਟੀਸ਼ਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 8 ਹੋਰ ਪਟੀਸ਼ਨਾਂ ਹਨ ਜਿਨ੍ਹਾਂ ਉੱਤੇ ਸੁਪਰੀਮ ਕੋਰਟ ਸੁਣਵਾਈ ਕਰੇਗਾ।
ਦੱਸ ਦਈਏ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਤੋਂ ਬਾਅਦ ਪਾਬੰਦੀਆਂ ਦੌਰਾਨ 2 ਬਾਰ ਸੂਬੇ ਦਾ ਦੌਰਾ ਕਰਨ ਵਾਲੇ ਗੁਲਾਮ ਨਬੀ ਆਜ਼ਾਦ ਨੂੰ ਹਵਾਈ ਅੱਡੇ ਤੇ ਹੀ ਰੋਕ ਲਿਆ ਗਿਆ ਸੀ। ਅਜਿਹੀ ਸਥਿਤੀ ਵਿੱਚ ਉਨ੍ਹਾਂ ਪਟੀਸ਼ਨ ਪਾ ਕੇ ਆਪਣੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਮੰਗੀ ਹੈ।
ਜੰਮੂ-ਕਸ਼ਮੀਰ ਪੀਪਲਜ਼ ਕਾਨਫ਼ਰੰਸ ਪਾਰਟੀ ਦੇ ਮੁਖੀ ਸੱਜਾਦ ਲੋਨ ਨੇ ਵੀ ਧਾਰਾ 370 ਦੀਆਂ ਵਿਵਸਥਾਵਾਂ ਖ਼ਤਮ ਕਰਨ ਉੱਤੇ ਰਾਜ ਦੇ ਪੁਨਰਗਠਨ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਹੈ। ਬਾਲ ਅਧਿਕਾਰ ਕਾਰਕੁੰਨ ਇਨਾਕਸ਼ੀ ਗਾਂਗੁਲੀ ਤੇ ਪ੍ਰੋਫ਼ੈਸਰ ਸ਼ਾਂਤਾ ਸਿਨਹਾ ਨੇ ਵੀ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਕਥਿਤ ਤੌਰ 'ਤੇ ਬੱਚਿਆਂ ਨੂੰ ਗ਼ੈਰ ਕਾਨੂੰਨੀ ਤੌਰ ਉੱਤੇ ਕੈਦ ਕਰ ਕੇ ਰੱਖਣ ਵਿਰੁੱਧ ਇੱਕ ਪਟੀਸ਼ਨ ਦਾਇਰ ਕੀਤੀ ਹੈ।