ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਵੱਧ ਰਹੇ ਪ੍ਰਦੁਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਮੁਹਾਲ ਹੋ ਗਿਆ ਹੈ। ਉੱਥੇ ਹੀ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਸਖ਼ਤ ਰੁਖ ਅਪਣਾਇਆ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਉੱਤਰ ਭਾਰਤ ਅਤੇ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਹੱਲ ਲੱਭਣ ਲਈ ਹਾਈਡ੍ਰੋਜਨ ਅਧਾਰਤ ਬਾਲਣ ਤਕਨਾਲੋਜੀ ਦੀ ਪੜਚੋਲ ਕਰਨ ਦੇ ਆਦੇਸ਼ ਦਿੱਤੇ ਹਨ।
ਕੇਂਦਰ ਨੇ ਐਸਸੀ ਨੂੰ ਕਿਹਾ ਕਿ ਉਹ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਪਾਨ ਤੋਂ ਇਲਾਵਾ ਤਕਨਾਲੋਜੀ ਦੀ ਪੜਚੋਲ ਕਰ ਰਿਹਾ ਹੈ। ਕੇਂਦਰ ਇਸ 'ਤੇ 3 ਦਸੰਬਰ ਤੱਕ ਰਿਪੋਰਟ ਪੇਸ਼ ਕਰੇਗਾ।
ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਰਹਿੰਦੇ ਲੋਕਾਂ ਨੂੰ ਅੱਜ ਦੂਜੇ ਦਿਨ ਬੁੱਧਵਾਰ ਨੂੰ ਵੀ ਕੋਈ ਰਾਹਤ ਨਹੀਂ ਮਿਲੀ ਹੈ। ਅੱਜ ਸਾਰੇ ਇਲਾਕਿਆਂ ਦੀ ਹਵਾ ਗੰਭੀਰ ਸ਼੍ਰੇਣੀ ਵਿੱਚ ਹੈ। ਦਿੱਲੀ ਦੇ ਆਰਕੇਪੁਰਮ ਇਲਾਕੇ ਵਿੱਚ ਹਵਾ ਦੀ ਗੁਣਵੱਤਾ 447 ਤੇ ਹੈ। ਗ੍ਰੇਟਰ ਨੌਇਡਾ ਵਿੱਚ ਇਹ ਪੱਧਰ 458 ਤੇ ਪੁੱਜ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀ ਮੁਤਾਬਕ ਸਰਦੀਆਂ ਦੀ ਸ਼ੁਰੂਆਤ ਹੋਣ ਨਾਲ ਤਾਪਮਾਨ ਵਿੱਚ ਗਿਰਾਵਟ ਕਾਰਨ ਹਵਾ 'ਚ ਠੰਢਕ ਬਹੁਤ ਜ਼ਿਆਦਾ ਵਧ ਗਈ ਹੈ ਜਿਸ ਕਾਰਨ ਪ੍ਰਦੂਸ਼ਣ ਦੇ ਤੱਤ ਜ਼ਮੀਨ ਦੇ ਲਾਗੇ ਜਮ੍ਹਾ ਹੋ ਰਹੇ ਹਨ।
ਇਸ ਤੋਂ ਪਹਿਲਾਂ ਦਿੱਲੀ 'ਚ ਹਵਾ ਦਾ ਮਿਆਰ ਕੁਝ ਦਿਨ ਬਿਹਤਰ ਰਹਿਣ ਤੋਂ ਬਾਅਦ ਮੰਗਲਵਾਰ ਸਵੇਰੇ ਇੱਕ ਵਾਰ ਫਿਰ ਗੁਆਂਢੀ ਰਾਜਾਂ 'ਚ ਸੜ ਰਹੀ ਪਰਾਲ਼ੀ ਕਾਰਨ ਗੰਭੀਰ ਸ਼੍ਰੇਣੀ ਵਿੱਚ ਪੁੱਜ ਗਿਆ ਸੀ। ਉੱਥੇ ਹੀ ਨੌਇਡਾ ਦੇ ਸੈਕਟਰ 125 'ਚ, ਬੁੱਧਵਾਰ ਸਵੇਰੇ ਹਵਾ ਦੀ ਗੁਣਵੱਤਾ 466 ਰਿਹਾ।