ਨਵੀ ਦਿੱਲੀ: ਉੱਨਾਵ ਬਲਾਤਕਾਰ ਮਾਮਲੇ 'ਚ ਸੁਪਰੀਮ ਕੋਰਟ ਨੇ ਇਸ ਨਾਲ ਜੁੜੇ ਮਾਮਲਿਆਂ ਨੂੰ ਦਿੱਲੀ ਟਰਾਂਸਫ਼ਰ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਉੱਨਾਵ ਕਾਂਡ ਨਾਲ ਜੁੜੇ ਸਾਰੇ ਮਾਮਲਿਆਂ ਦੀ ਦਿੱਲੀ ਦੀ ਅਦਾਲਤ ਵਿੱਚ ਰੋਜ਼ਾਨਾ ਸੁਣਵਾਈ ਹੋਵੇਗੀ।
ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ 25 ਲੱਖ ਰੁਪਏ ਮੁਆਵਜ਼ਾ ਪੀੜਤਾ ਨੂੰ ਦੇਣ ਦੇ ਨਿਰਦੇਸ਼ ਦਿੱਤੇ ਹਨ। ਪੀੜਤਾ ਅਤੇ ਉਸ ਦੇ ਪਰਿਵਾਰ ਤੇ ਵਕੀਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸੀਆਰਪੀਐਫ਼ ਨੂੰ ਦਿੱਤੀ ਗਈ ਹੈ। ਕੋਰਟ ਨੇ ਇਸ ਮਾਮਲੇ ਦੀ ਰੋਜ਼ ਸੁਣਵਾਈ ਕਰਨ ਦੇ ਨਾਲ 45 ਦਿਨਾਂ 'ਚ ਸੁਣਵਾਈ ਪੂਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸੀਬੀਆਈ ਨੂੰ ਇਸ ਮਾਮਲੇ ਦੀ 7 ਦਿਨਾਂ ਵਿੱਚ ਜਾਂਚ ਪੂਰੀ ਕਰਨ ਨੂੰ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਉੱਨਾਵ ਬਲਾਤਕਾਰ ਪੀੜਤਾ ਲੜਕੀ ਜਿਸ ਕਾਰ ਵਿੱਚ ਜਾ ਰਹੀ ਸੀ ਉਸ ਵਿੱਚ ਉਸ ਦਾ ਪਰਿਵਾਰ ਅਤੇ ਵਕੀਲ ਵੀ ਸਵਾਰ ਸਨ। ਕਾਰ ਨੂੰ ਇੱਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ 'ਚ ਪੀੜਤ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਸੀ। ਚਾਚੀ ਜਬਰ ਜਨਾਹ ਮਾਮਲੇ 'ਚ ਸੀਬੀਆਈ ਦੀ ਗਵਾਹ ਸੀ। ਗੰਭੀਰ ਰੂਪ ਨਾਲ ਜ਼ਖਮੀ ਪੀੜਤਾ ਤੇ ਵਕੀਲ ਦਾ ਲਖਨਊ ਸਥਿਤ ਟਰਾਮਾ ਸੈਂਟਰ 'ਚ ਇਲਾਜ ਚੱਲ ਰਿਹਾ ਹੈ। ਦਸਣਯੋਗ ਹੈ ਕਿ ਪੀੜਤਾ ਦੀ ਕਾਰ ਹਾਦਸੇ 'ਚ ਦੋ ਮੌਤਾਂ ਤੋਂ ਬਾਅਦ ਰੇਪ ਦੇ ਦੋਸ਼ੀ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।