ਇਟਾਵਾ: ਕਾਨਪੁਰ ਮਾਮਲੇ ਦੇ 2 ਮੁਲਜ਼ਮ ਬਵਨ ਸ਼ੁਕਲਾ ਅਤੇ ਪ੍ਰਭਾਤ ਮਿਸ਼ਰਾ ਐਸਟੀਐਫ ਨਾਲ ਇੱਕ ਮੁਕਾਬਲੇ ਵਿੱਚ ਮਾਰੇ ਗਏ ਹਨ। ਵਿਕਾਸ ਦੂਬੇ ਮਾਮਲੇ ਨਾਲ ਜੁੜਿਆ ਅਪਰਾਧੀ ਰਣਬੀਰ ਸ਼ੁਕਲਾ ਉਰਫ ਬਵਨ ਇਟਾਵਾ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਇਹ ਮੁਠਭੇੜ ਥਾਣਾ ਸਿਵਲ ਲਾਈਨ ਖੇਤਰ ਵਿੱਚ ਹੋਈ। ਮੁਲਜ਼ਮ ਦੇ ਉੱਤੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ।
ਦੂਜਾ ਸਾਥੀ ਪ੍ਰਭਾਤ ਉਰਫ ਕਾਰਤਿਕੇ ਕਾਨਪੁਰ ਵਿਚ ਮਾਰਿਆ ਗਿਆ। ਪ੍ਰਭਾਤ ਅਤੇ ਉਸਦੇ ਸਾਥੀਆਂ ਨੇ ਪੁਲਿਸ ਹਿਰਾਸਤ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਇਸ ਤੋਂ ਬਾਅਦ ਪੁਲਿਸ ਨੇ ਫਾਇਰਿੰਗ ਕੀਤੀ। ਪੁਲਿਸ ਅਤੇ ਬਦਮਾਸ਼ਾਂ ਵਿਚ ਮੁੱਠਭੇੜ ਪਾਨਕੀ ਥਾਣਾ ਖੇਤਰ ਦੇ ਭੌਤੀ ਬਾਈਪਾਸ ਨੇੜੇ ਹੋਈ, ਜਿਸ ਵਿਚ ਪ੍ਰਭਾਤ ਉਰਫ ਕਾਰਤਿਕੇ ਦੀ ਮੌਤ ਹੋ ਗਈ।
ਫਰੀਦਾਬਾਦ ਤੋਂ ਕੀਤਾ ਸੀ ਗ੍ਰਿਫ਼ਤਾਰ
ਪ੍ਰਭਾਤ ਉਰਫ ਕਾਰਤਿਕੇ ਨੂੰ ਹਰਿਆਣਾ ਪੁਲਿਸ ਨੇ ਫਰੀਦਾਬਾਦ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਯੂਪੀ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਉਸ ਕੋਲੋਂ ਪੁਲਿਸ ਤੋਂ ਲੁੱਟੀਆਂ ਗਈਆਂ 9 ਐਮਐਮ ਦੀਆਂ ਦੋ ਪਿਸਤੌਲ ਵੀ ਬਰਾਮਦ ਹੋਈਆਂ। ਹੁਣ ਤੱਕ ਪੁਲਿਸ ਨੇ ਇੱਕ ਕਥਿਤ ਮੁਕਾਬਲੇ ਵਿੱਚ ਬਿਕਰੂ ਕੇਸ ਨਾਲ ਜੁੜੇ 5 ਲੋਕਾਂ ਦਾ ਕਤਲ ਕਰ ਦਿੱਤਾ ਹੈ, ਜਦ ਕਿ ਪੁਲਿਸ ਮੁਕਾਬਲੇ ਵਿੱਚ ਹੁਣ ਤੱਕ 2 ਮੁਲਜ਼ਮ ਜ਼ਖਮੀ ਹੋਏ ਹਨ। ਇਸ ਮਾਮਲੇ ਵਿੱਚ 3 ਔਰਤਾਂ ਸਣੇ ਅੱਧੀ ਦਰਜਨ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਸ ਤਰ੍ਹਾਂ ਹੋਈ ਮੁੱਠਭੇੜ
ਵੀਰਵਾਰ ਸਵੇਰੇ ਕਾਨਪੁਰ ਪੁਲਿਸ ਦੀ ਟੀਮ ਫੜੇ ਗਏ ਮੁਲਜ਼ਮ ਪ੍ਰਭਾਤ ਮਿਸ਼ਰਾ ਨੂੰ ਲੈ ਕੇ ਕਾਨਪੁਰ ਜਾ ਰਹੀ ਸੀ। ਐਸਟੀਐਫ ਦੀ ਟੀਮ ਐਸਕਾਰਟ ਕਰ ਰਹੀ ਸੀ। ਪਨਕੀ ਥਾਣਾ ਖੇਤਰ ਵਿੱਚ ਜਦੋਂ ਗੱਡੀ ਪੈਂਚਰ ਹੋ ਗਈ ਤਾਂ ਮੌਕਾ ਪਾ ਕੇ ਦੋਸ਼ੀ ਪ੍ਰਭਾਤ ਨੇ ਪੁਲਿਸ ਦੀ ਪਿਸਤੌਲ ਖੋਹ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਫਾਇਰਿੰਗ ਕਰ ਦਿੱਤੀ। ਇਸ ਵਿੱਚ ਐਸਟੀਐਫ ਦੇ ਦੋ ਗਾਰਡ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਪੁਲਿਸ ਪਾਰਟੀ ਵੱਲੋਂ ਸਵੈ ਰੱਖਿਆ ਲਈ ਕੀਤੀ ਗਈ ਫਾਇਰਿੰਗ ਵਿੱਚ ਪ੍ਰਭਾਤ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੱਸ ਦਈਏ ਕਿ ਬੀਤੇ ਦਿਨ ਫਰੀਦਾਬਾਦ ਪੁਲਿਸ ਨੇ ਪ੍ਰਭਾਤ ਨੂੰ 2 ਹੋਰਾਂ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ 4 ਪਿਸਤੌਲ ਅਤੇ 44 ਰਾਊਂਡ ਬਰਾਮਦ ਹੋਏ ਸੀ ਜਿਨ੍ਹਾਂ ਵਿੱਚ 9 ਐਮਐਮ ਦੀਆਂ 2 ਪਿਸਤੌਲ ਬਿਕਰੂ ਤੋਂ ਪੁਲਿਸ ਕੋਲੋਂ ਲੁੱਟੀ ਗਈ ਸੀ।