ਰਾਜਸਥਾਨ: ਸੂਬੇ ਵਿੱਚ ਮਿੰਟਾਂ-ਸਕਿੰਟਾਂ ਵਿੱਚ ਰਾਜਨੀਤੀ ਬਦਲ ਰਹੀ ਹੈ। ਇਸੇ ਦਰਮਿਆਨ ਕਾਂਗਰਸ ਪਾਰਟੀ ਨੇ ਸਚਿਨ ਪਾਇਲਟ ਨੂੰ ਸੂਬੇ ਦੇ ਪਾਰਟੀ ਪ੍ਰਧਾਨ ਦੇ ਅਹੁਦੇ ਅਤੇ ਉਪ ਮੁੱਖ-ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਸਥਿਤੀ ਵਿੱਚ ਲੋਕਾਂ ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ। ਹੁਣ ਤੱਕ ਬੀਜੇਪੀ ਇਸ ਸਿਆਸੀ ਡਰਾਮੇ ਨੂੰ ਕੰਢੇ ਉੱਤੇ ਖੜ੍ਹ ਕੇ ਦੇਖਦੀ ਰਹੀ ਹੈ, ਪਰ ਹੁਣ ਬੀਜੇਪੀ ਅੱਗੇ ਕੀ ਕਰੇਗੀ?
ਈਟੀਵੀ ਭਾਰਤ ਦੇ ਰੀਜਨਲ ਨਿਊਜ਼ ਕੋਆਰਡੀਨੇਟਰ ਬ੍ਰਜ ਮੋਹਨ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਰਾਜਸਥਾਨ ਤੋਂ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਤੋਂ ਜਾਨਣਾ ਚਾਹਿਆ ਕਿ ਆਖ਼ਿਰ ਕਾਂਗਰਸ ਦੇ ਇਨ੍ਹਾਂ ਦੋਸ਼ਾਂ ਵਿੱਚ ਕਿੰਨਾ ਦਮ ਹੈ ਕਿ ਉਹ ਸਚਿਨ ਪਾਇਲਟ ਦੇ ਪਿੱਛੇ ਖੜੀ ਹੈ। ਅਵਿਨਾਸ਼ ਰਾਏ ਖੰਨਾ ਕਾਂਗਰਸ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਹਿੰਦੇ ਹਨ ਕਿ ਇਹ ਸੰਕਟ ਖ਼ੁਦ ਅਸ਼ੋਕ ਗਹਿਲੋਤ ਵੱਲੋਂ ਖੜ੍ਹਾ ਕੀਤਾ ਗਿਆ ਹੈ।
ਜੇ ਪਾਰਟੀ ਮੈਂਬਰ ਖ਼ੁਦ ਕਹੇ ਕਿ ਸਰਕਾਰ ਘੱਟ ਗਿਣਤੀ ਵਿੱਚ ਆ ਗਈ ਹੈ ਤਾਂ ਨਿਸ਼ਚਿਤ ਤੌਰ ਉੱਤੇ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਹ ਨਿਸ਼ਚਿਤ ਹੈ ਕਿ ਬਹੁਮਤ ਸਾਬਿਤ ਕਰਨ ਦੇ ਲਈ ਸਹੀ ਮੰਚ ਕੋਈ ਰਿਜ਼ੋਰਟ ਜਾਂ ਹੋਟਲ ਨਹੀਂ, ਬਲਕਿ ਵਿਧਾਨ ਸਭਾ ਹੈ।
ਖੰਨਾ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਦੀ ਲੜਾਈ ਵਿੱਚ ਬੀਜੇਪੀ ਦਾ ਕੋਈ ਹੱਥ ਨਹੀਂ ਹੈ। ਜਿਸ ਤਰ੍ਹਾਂ ਰਾਜਸਥਾਨ ਵਿੱਚ ਸਰਕਾਰ ਚੱਲ ਰਹੀ ਹੈ, ਲੋਕਾਂ ਤੱਕ ਰਾਹਤ ਸਮੱਗਰੀ ਨਹੀਂ ਪਹੁੰਚ ਰਹੀ ਹੈ, ਇਸੇ ਕਰ ਕੇ ਲੋਕਾਂ ਦੇ ਵਿੱਚ ਭਾਰੀ ਵਿਰੋਧ ਹੈ।
ਖੰਨਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਸਾਬਿਤ ਕਰਨ ਦੀ ਕੋਈ ਲੋੜ ਨਹੀਂ ਹੈ, ਇਹ ਸੰਕਟ ਖ਼ੁਦ ਅਸ਼ੋਕ ਗਹਿਲੋਤ ਦਾ ਖੜਾ ਕੀਤਾ ਗਿਆ ਹੈ, ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਭਰੋਸਾ ਹਾਸਲ ਕਰਨਾ ਹੋਵੇਗਾ। ਖੰਨਾ ਨੇ ਇਹ ਵੀ ਕਿਹਾ ਕਿ ਐੱਸਓਜੀ ਦੀ ਦੁਰਵਰਤੋਂ ਕਰਨਾ ਲੋਕਤੰਤਰ ਦੇ ਹਿੱਤ ਵਿੱਚ ਨਹੀਂ ਹੈ।