ਸ੍ਰੀਨਗਰ: ਉੱਤਰੀ ਕਸ਼ਮੀਰ ਦੇ ਸੋਪੋਰ ਇਲਾਕੇ ਦੇ ਕੇਂਦਰ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੇ ਇੱਕ ਜਵਾਨ ਅਤੇ 65 ਸਾਲਾਂ ਦੇ ਇੱਕ ਨਾਗਰਿਕ 'ਤੇ ਸ਼ੱਕੀ ਅੱਤਵਾਦੀਆਂ ਨੇ ਹਮਲਾ ਕਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਜਵਾਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਤਿੰਨ ਸਾਲ ਦੇ ਬੱਚੇ ਦੀ ਜਾਨ ਬਚਾ ਲਈ।
ਸ੍ਰੀਨਗਰ ਸਥਿਤ ਸੀਆਰਪੀਐਫ਼ ਦੇ ਬੁਲਾਰੇ ਨੇ ਕਿਹਾ ਕਿ ਨੇੜੇ ਦੀ ਇੱਕ ਇਮਾਰਤ ਵਿੱਚ ਲੁਕੇ ਹੋਏ ਅੱਤਵਾਦੀਆਂ ਨੇ ਸਵੇਰੇ 7.30 ਵਜੇ ਕਰੀਬ ਨਾਕਾ ਪਾਰਟੀ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਹੈੱਡ ਕਾਂਸਟੇਬਲ ਦੀਪ ਚੰਦ ਸਮੇਤ ਇੱਕ ਸਥਾਨਕ ਨਾਗਰਿਕ ਦੀ ਮੌਤ ਹੋ ਗਈ। ਮਾਰੇ ਗਏ ਨਾਗਰਿਕ ਦੀ ਪੱਛਾਣ ਬਸ਼ੀਰ ਅਹਿਮਦ ਖ਼ਾਨ ਵਾਸੀ ਜੈਨਕੋਟ (ਸ੍ਰੀਨਗਰ) ਵਜੋਂ ਹੋਈ ਹੈ ਜੋ ਆਪਣੇ ਤਿੰਨ ਸਾਲ ਦੇ ਪੋਤੇ ਦੇ ਨਾਲ ਨਿੱਜੀ ਕੰਮ ਲਈ ਸੋਪੋਰ ਜਾ ਰਿਹਾ ਸੀ।
ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਈਟੀਵੀ ਭਾਰਤ ਦੀ ਟੀਮ ਮੌਕੇ 'ਤੇ ਪਹੁੰਚ ਗਈ। ਉੱਥੇ ਉਨ੍ਹਾਂ ਵੇਖਿਆ ਕਿ ਖ਼ਾਨ ਦੀ ਲਾਸ਼ ਸੜਕ ਕਿਨਾਰੇ ਪਈ ਸੀ। ਇਸ ਲਾਸ਼ ਦੇ ਨੇੜੇ 3 ਸਾਲਾਂ ਦਾ ਬੱਚਾ ਸੀ, ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਜਾਨ ਪੁਲਿਸ ਵਾਲਿਆਂ ਨੇ ਬਚਾਈ ਹੈ। ਜੰਮੂ ਕਸ਼ਮੀਰ ਪੁਲਿਸ ਨੇ ਇਸ ਬੱਚੇ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਪਲੋਡ ਕਰ ਦਿੱਤੀਆਂ ਹਨ।
ਇਸ ਦੌਰਾਨ ਪਰਿਵਾਰ ਵਾਲ਼ੇ ਸੀਆਰਪੀਐਫ਼ ਤੇ ਇਲਜ਼ਾਮ ਲਾ ਰਹੇ ਹਨ ਕਿ ਉਨ੍ਹਾਂ ਨੇ ਖ਼ਾਨ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ।