ਹੇਮਕੁੰਟ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਸਥਾਨ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਵੇਰੇ 9 ਵਜੇ ਸ਼ਬਦ-ਕੀਰਤਨ ਤੇ ਅਰਦਾਸ ਕਰਕੇ ਸ਼ਰਧਾਲੂਆਂ ਲਈ ਕਿਵਾੜ ਖੋਲ੍ਹੇ ਗਏ ਤੇ 8 ਹਜ਼ਾਰ ਸ਼ਰਧਾਲੂਆਂ ਨੇ ਮੱਥਾ ਟੇਕਿਆ।
ਪੰਜਾ ਪਿਆਰਿਆਂ ਦੀ ਅਗੁਵਾਈ 'ਚ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੇ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਿਆ। ਦੱਸ ਦਈਏ ਕਿ ਬੀਤੇ ਸਾਲ ਭਾਰੀ ਬਰਫ਼ਬਾਰੀ ਹੋਈ ਸੀ, ਪਰ ਇਸ ਵਾਰ ਬਰਫ਼ ਹਟਾ ਕੇ ਆਮ ਲੋਕਾਂ ਲਈ ਰਸਤੇ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਗੜਵਾਲ ਦੀ ਜ਼ਿਲ੍ਹਾ ਪ੍ਰਸ਼ਾਸਨ ਟੀਮ ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਪ੍ਰਬੰਧਕਾ ਵੱਲੋਂ ਸਾਰੀ ਵਿਵਸਥਾ ਮੁਕੰਮਲ ਕਰ ਲਈ ਗਈ ਹੈ।
ਇਸ ਤੋਂ ਇਲਾਵਾ ਯਾਤਰਾ ਦੌਰਾਨ ਸੰਗਤਾਂ ਲਈ ਰਿਹਾਇਸ਼, ਲੰਗਰ ਅਤੇ ਫ਼ੋਨ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਸਿਹਤ ਸੁਵਿਧਾਵਾਂ ਮੁਹੰਈਆ ਕਰਵਾਉਣ ਲਈ 24 ਘੰਟੇ ਡਾਕਟਰਾਂ ਤੇ ਸਿਹਤ ਵਿਭਾਗ ਦੀ ਟੀਮ ਦੀ ਵਿਵਸਥਾ ਕੀਤੀ ਗਈ ਹੈ।
ਇਸ ਬਾਰੇ ਗੁਰਦੁਆਰਾ ਸਹਿਬ ਦੇ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਦਰਸ਼ਨਾ ਲਈ ਆਉਣ ਵਾਲੇ ਸ਼ਰਧਾਲੂ ਸਟੇਸ਼ਨ ਅਤੇ ਘਾਘਰਿਆ ਵਿਖੇ ਦਰਸ਼ਨਾ ਲਈ ਬਾਈਓਮੈਟ੍ਰਿਕ ਮਸ਼ੀਨਾਂ ਰਾਹੀਂ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸੁੱਰਖਿਆ ਨੂੰ ਮੱਦੇ ਨਜ਼ਰ ਰੱਖਦਿਆਂ ਬਿਨਾਂ ਬਾਈਓਮੈਟ੍ਰਿਕ ਰਜਿਸਟ੍ਰੇਸ਼ਨ ਤੋਂ ਯਾਤਰਾ ਸੰਭਵ ਨਹੀਂ ਹੋ ਸਕੇਗੀ।