ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੋਕਸਭਾ ਵਿੱਚ ਐਸਪੀਜੀ ਸੁਰੱਖਿਆ ਐਕਟ ਵਿੱਚ ਸੋਧ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜੋ ਕਿ ਅੱਜ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਗਿਆ। ਜਿਸ ਤਹਿਤ ਹੁਣ ਐਸਪੀਜੀ ਸੁਰੱਖਿਆ ਸਿਰਫ ਮੌਜੂਦਾ ਪ੍ਰਧਾਨ ਮੰਤਰੀ ਨੂੰ ਹੀ ਮਿਲੇਗੀ, ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰ ਨੂੰ ਪੰਜ ਸਾਲਾਂ ਲਈ ਇਹ ਸਹੂਲਤ ਮਿਲੇਗੀ। ਇਸ ਬਿੱਲ ਦੀ ਕਾਂਗਰਸ ਪਾਰਟੀ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦੇ ਕਿਹਾ ਕਿ ‘ਚੰਦਰਸ਼ੇਖਰ ਜੀ ਦੀ ਸੁਰੱਖਿਆ ਲੈ ਲਈ ਗਈ, ਉਸ ਸਮੇਂ ਕੋਈ ਵੀ ਕਾਂਗਰਸੀ ਵਰਕਰ ਕੁਝ ਨਹੀਂ ਬੋਲਿਆ, ਨਰਸਿਮਹਰਾ ਰਾਓ ਦੀ ਸੁਰੱਖਿਆ ਚਲੀ ਗਈ, ਕਿਸੇ ਨੇ ਕੋਈ ਚਿੰਤਾ ਨਹੀਂ ਵਿਖਾਈ। ਆਈ ਕੇ ਗੁਜਰਾਲ ਦੀ ਸੁਰੱਖਿਆ ਹੱਤਿਆ ਦੀ ਧਮਕੀ ਤੋਂ ਬਾਅਦ ਲਈ ਗਈ। ਸ਼ਾਹ ਨੇ ਕਿਹਾ ਕਿ ਚਿੰਤਾ ਕਿਸ ਦੀ ਹੈ, ਦੇਸ਼ ਦੀ ਜਾਂ ਕਿਸੇ ਇੱਕ ਪਰਿਵਾਰ ਦੀ?
ਸ਼ਾਹ ਨੇ ਕਿਹਾ ਕਿ ਐਸਪੀਜੀ ਦਾ ਗਠਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਬਿੱਲ ਨੂੰ ਲਿਆਉਣ ਦਾ ਉਦੇਸ਼ ਐਸਪੀਜੀ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਹੈ, ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸਰਕਾਰਾਂ ਨੇ ਕਈ ਵਾਰ ਕਾਨੂੰਨ 'ਚ ਸੋਧ ਕੀਤੇ ਹਨ।