ਨਵੀਂ ਦਿੱਲੀ: ਦਿੱਲੀ ਵਿੱਚ ਪਿਛਲੇ ਮਹੀਨੇ ਭੜਕੀ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਵੱਡੀ ਗ੍ਰਿਫ਼ਤਾਰੀ ਕੀਤੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਪੁਲਰ ਫਰੰਟ ਆਫ਼ ਇੰਡੀਆ (ਪੀਐਫਆਈ) ਦੇ ਪ੍ਰਧਾਨ ਪਰਵੇਜ਼ ਅਤੇ ਸਕੱਤਰ ਇਲਯਾਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਗਰੋਂ ਇਨ੍ਹਾਂ ਨੂੰ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਸਪੈਸ਼ਲ ਸੈੱਲ ਨੂੰ ਇਨ੍ਹਾਂ ਦੀ 7 ਦਿਨ ਦੀ ਰਿਮਾਂਡ ਹਾਸਲ ਹੋਈ ਹੈ।
ਦੋਵਾਂ 'ਤੇ ਕਥਿਤ ਤੌਰ 'ਤੇ ਸ਼ਾਹੀਨ ਬਾਗ 'ਚ ਲੋਕਾਂ ਨੂੰ ਫੰਡ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਸਪੈਸ਼ਲ ਸੈੱਲ ਨੇ ਪੀਐਫਆਈ ਨਾਲ ਜੁੜੇ ਇੱਕ ਵਿਅਕਤੀ ਨੂੰ ਸੀਏਏ ਅਤੇ ਐਨਆਰਸੀ ਵਿਰੁੱਧ ਪੋਸਟਰ ਵੰਡਣ ਅਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਦਾਨਿਸ਼ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਦਾ ਵਸਨੀਕ ਹੈ। ਦੱਸਿਆ ਜਾ ਰਿਹਾ ਹੈ ਕਿ ਦਾਨਿਸ਼ ਦੇ ਖੁਲਾਸਿਆਂ ਤੋਂ ਬਾਅਦ ਪੁਲਿਸ ਨੇ ਪਰਵੇਜ਼ ਅਤੇ ਇਲਯਾਸ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਉਸ ਦੇ ਪਰਿਵਾਰ ਨੇ ਪੁਲਿਸ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸੰਸਥਾ ਦਾ ਵਾਲੰਟੀਅਰ ਹੈ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਹੈ। ਇੱਥੇ ਵੀ ਉਹ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਗਿਆ ਸੀ।
ਪੁਲਿਸ ਜਾਂਚ ਕਰ ਰਹੀ ਹੈ ਕਿ ਸੀਏਏ ਵਿਰੁੱਧ ਚੱਲ ਰਹੇ ਰੋਸ ਪ੍ਰਦਰਸ਼ਨ 'ਚ ਦਾਨਿਸ਼ ਅਤੇ ਉਸ ਨਾਲ ਜੁੜੇ ਨੈਟਵਰਕ ਦੇ ਲੋਕ ਕਿਵੇਂ ਕੰਮ ਕਰ ਰਹੇ ਹਨ। ਪੁਲਿਸ ਕਈ ਸ਼ੱਕੀ ਲੋਕਾਂ ਦੇ ਫ਼ੋਨ ਅਤੇ ਬੈਂਕ ਖਾਤਿਆਂ ਦੀ ਭਾਲ ਕਰ ਰਹੀ ਹੈ ਤਾਂ ਜੋ ਫੰਡਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ।