ਮੁੰਬਈ: ਸ਼ਿਵ ਸੈਨਾ ਆਗੂ ਸੰਜੇ ਰਾਉਤ ਵੱਲੋਂ ਸਵਾਲ ਚੁੱਕਣ ਮਗਰੋਂ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਐਤਵਾਰ ਦੇਰ ਰਾਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਮਾਤੋਸ਼੍ਰੀ ਵਿਖੇ ਮੁਲਾਕਾਤ ਕੀਤੀ।
ਕਰੀਬ ਅੱਧਾ ਘੰਟਾ ਚੱਲੀ ਇਸ ਮੁਲਾਕਾਤ ਤੋਂ ਬਾਅਦ ਸੋਨੂੰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਰ ਪਾਰਟੀ ਉਨ੍ਹਾਂ ਦਾ ਇਸ ਨੇਕ ਕੰਮ ਵਿੱਚ ਸਾਥ ਦੇ ਰਹੀ ਹੈ ਜਿਸ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ। ਹਾਲਾਂਕਿ ਸੋਨੂੰ ਨੇ ਸ਼ਿਵ ਸੈਨਾ ਆਗੂ ਵੱਲੋਂ ਲਗਾਏ ਦੋਸ਼ਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਕੋਸ਼ਿਸ਼ ਜਾਰੀ ਰੱਖਣਗੇ ਜਦੋਂ ਤੱਕ ਆਖਰੀ ਪ੍ਰਵਾਸੀ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਜਾਂਦਾ।
ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਪਾਰਟੀ ਦੇ ਮੁੱਖ ਪੱਤਰ 'ਸਾਮਨਾ' 'ਚ ਲਿਖੇ ਕਾਲਮ ਰਾਹੀਂ ਸੋਨੂੰ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਜਾ ਰਹੀ ਮਦਦ 'ਤੇ ਸਵਾਲ ਚੁੱਕਦਿਆਂ ਇਹ ਦੋਸ਼ ਲਗਾਏ ਸਨ ਕਿ ਉਹ ਭਾਜਪਾ ਦੇ ਇਸ਼ਾਰੇ 'ਤੇ ਮਹਾਰਾਸ਼ਟਰ ਸਰਕਾਰ ਨੂੰ ਨੀਵਾਂ ਦਿਖਾਉਣ ਲਈ ਇਹ ਸਭ ਕਰ ਰਹੇ ਹਨ। ਸੋਨੂੰ ਨੂੰ ਮਹਾਤਮਾ ਕਹਿ ਕੇ ਤੰਜ ਕਸਦਿਆਂ ਸੰਜੇ ਨੇ ਕਿਹਾ ਕਿ ਸੋਨੂੰ ਇੱਕ ਅਦਾਕਾਰ ਹਨ ਤੇ ਪੈਸੇ ਲਈ ਕੁੱਝ ਵੀ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਸੋਨੂੰ ਲੌਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਘਰਾਂ ਤੱਕ ਉਨ੍ਹਾਂ ਦੇ ਪਰਿਵਾਰਾਂ ਕੋਲ ਪਹੁੰਚਾਉਣ ਲਈ ਲਗਾਤਾਰ ਮਿਹਨਤ ਕਰ ਰਹੇ ਹਨ। ਉਨ੍ਹਾਂ ਦੇ ਇਸ ਪਹਿਲਕਦਮੀ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਅਤੇ ਸਭ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ।