ਨਵੀਂ ਦਿੱਲੀ: ਇੱਕ ਦੁਰਲੱਭ ਖਗੋਲ-ਵਿਗਿਆਨਕ ਘਟਨਾ ਦੇ ਤਹਿਤ 21 ਜੂਨ ਐਤਵਾਰ ਨੂੰ ਭਾਰਤ ਵਿੱਚ ਕੁੰਡਲਾਕਾਰ ਸੂਰਜ ਗ੍ਰਹਿਣ ਦੇਖਿਆ ਜਾ ਸਕਦਾ ਹੈ, ਜੋ 'ਰਿੰਗ ਆਫ ਫਾਇਰ' ਗ੍ਰਹਿਣ ਵਜੋਂ ਪ੍ਰਸਿੱਧ ਹੈ। ਮੌਜੂਦਾ ਸਾਲ ਵਿੱਚ ਆਉਣ ਵਾਲਾ ਪਹਿਲਾ ਸੂਰਜ ਗ੍ਰਹਿਣ ਦੇਸ਼ ਦੇ ਕੁੱਝ ਖੇਤਰਾਂ ਵਿੱਚ ਪੂਰੀ ਤਰ੍ਹਾਂ ਵੇਖਿਆ ਜਾ ਸਕਦਾ ਹੈ ਪਰ ਇਹ ਸਾਰੇ ਦੇਸ਼ਾਂ ਵਿੱਚ ਇਕੋ ਜਿਹਾ ਨਹੀਂ ਦਿਖਾਈ ਦੇਵੇਗਾ, ਕਿਤੇ-ਕਿਤੇ ਇਹ ਅੰਸ਼ਕ ਦਿਖਾਈ ਦੇਵੇਗਾ।
ਕੁੱਲ 3 ਘੰਟੇ 31 ਮਿੰਟ ਤੱਕ ਰਹੇਗਾ ਸੂਰਜ ਗ੍ਰਹਿਣ
ਇਸ ਸੂਰਜ ਗ੍ਰਹਿਣ ਦਾ ਅਸਰ ਦੇਸ਼ ਵਿੱਚ ਕਾਫ਼ੀ ਲੰਮੇਂ ਸਮੇਂ ਤੱਕ ਰਹੇਗਾ। ਇਹ ਗ੍ਰਹਿਣ ਸਵੇਰੇ 10:20 'ਤੇ ਸ਼ੁਰੂ ਹੋਵੇਗਾ ਤੇ ਦੁਪਹਿਰ 1:48 'ਤੇ ਖ਼ਤਮ ਹੋਵੇਗਾ। ਗ੍ਰਹਿਣ ਦਾ ਸੂਤਕ 20 ਜੂਨ ਨੂੰ ਰਾਤ 10:24 ਤੋਂ ਸ਼ੁਰੂ ਹੋ ਗਿਆ ਸੀ।
ਕੁੰਡਲਾਕਾਰ ਸੂਰਜ ਗ੍ਰਹਿਣ ਲਗਭਗ ਇੱਕ ਵਿਸ਼ੇਸ਼ ਕਿਸਮ ਦਾ ਪੂਰਨ ਸੂਰਜ ਗ੍ਰਹਿਣ ਹੈ। ਪੂਰਨ ਸੂਰਜ ਗ੍ਰਹਿਣ ਦੀ ਤਰ੍ਹਾਂ ਇਸ ਵਿੱਚ ਚੰਦਰਮਾ ਸੂਰਜ ਨਾਲ ਇਕਸਾਰ ਹੋ ਜਾਂਦਾ ਹੈ। ਹਾਲਾਂਕਿ, ਚੰਦਰਮਾ ਦਾ ਸਪਸ਼ਟ ਆਕਾਰ ਉਸ ਦਿਨ ਸੂਰਜ ਨਾਲੋਂ ਛੋਟਾ ਹੈ। ਇਸ ਲਈ ਚੰਦਰਮਾ ਸੂਰਜ ਦੇ ਕੇਂਦਰੀ ਹਿੱਸੇ ਨੂੰ ਢਕਦਾ ਹੈ ਅਤੇ ਸੂਰਜ ਬਹੁਤ ਹੀ ਥੋੜ੍ਹੇ ਸਮੇਂ ਲਈ ਅਸਮਾਨ ਵਿੱਚ 'ਰਿੰਗ ਆਫ ਫਾਇਰ' ਵਾਂਗ ਦਿਖਾਈ ਦਿੰਦਾ ਹੈ।
ਇੰਟਰ ਯੂਨੀਵਰਸਿਟੀ ਸੈਂਟਰ ਫਾਰ ਐਸਟ੍ਰੋਨੋਮੀ ਐਂਡ ਐਸਟ੍ਰੋਫਿਜਿਕਸ ਪੁਣੇ ਦੇ ਸਮੀਰ ਧੁਰਦੇ ਦੱਸਦੇ ਹਨ ਕਿ ਸੂਰਜ ਗ੍ਰਹਿਣ ਦੇ ਸਮੇਂ ਚੰਦਰਮਾ ਦਾ ਸਪਸ਼ਟ ਆਕਾਰ ਸੂਰਜ ਨਾਲੋਂ 1 ਪ੍ਰਤੀਸ਼ਤ ਛੋਟਾ ਹੁੰਦਾ ਹੈ। ਐਸਟ੍ਰੋਟੋਮਿਕਲ ਸੁਸਾਇਟੀ ਆਫ਼ ਇੰਡੀਆ ਦੀ ਪਬਲਿਕ ਆਊਟਰੀਚ ਅਤੇ ਐਜੂਕੇਸ਼ਨ ਕਮੇਟੀ ਦੇ ਚੇਅਰਮੈਨ, ਅਨਿਕਤ ਸੁਲੇ ਦਾ ਕਹਿਣਾ ਹੈ ਕਿ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਥੋੜ੍ਹੇ ਸਮੇਂ ਲਈ ਸਾਹਮਣੇ ਆਉਂਦਾ ਹੈ। ਗ੍ਰਹਿਣ ਇੱਕ ਸਾਲ ਵਿੱਚ 2 ਤੋਂ 5 ਵਾਰ ਧਰਤੀ 'ਤੇ ਹੁੰਦਾ ਹੈ।
ਸੁਲੇ ਦਾ ਕਹਿਣਾ ਹੈ ਕਿ ਗ੍ਰਹਿਣ ਧਰਤੀ 'ਤੇ ਰੋਗਾਣੂਆਂ ਨੂੰ ਪ੍ਰਭਾਵਿਤ ਨਹੀਂ ਕਰਦੇ। ਇਸੇ ਤਰ੍ਹਾਂ ਗ੍ਰਹਿਣ ਦੌਰਾਨ ਬਾਹਰ ਖੁੱਲ੍ਹੇ ਭੋਜਨ ਦਾ ਕੋਈ ਖ਼ਤਰਾ ਨਹੀਂ ਹੈ। ਗ੍ਰਹਿਣ ਦੇ ਸਮੇਂ ਕੋਈ ਰਹੱਸਮਈ ਕਿਰਨਾਂ ਸੂਰਜ ਤੋਂ ਬਾਹਰ ਨਹੀਂ ਆਉਂਦੀਆਂ।
ਜਾਣੋ, ਕਿੱਥੇ-ਕਿਥੇ ਦੇਖਿਆ ਜਾਵੇਗਾ
ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਨੇ ਕਿਹਾ ਕਿ ਹਰਿਆਣਾ ਅਤੇ ਉਤਰਾਖੰਡ ਵਿੱਚ ਅਨੂਪਗੜ੍ਹ, ਸੂਰਤਗੜ੍ਹ, ਸਿਰਸਾ, ਜਾਖਲ, ਕੁਰੂਕਸ਼ੇਤਰ, ਯਮੁਨਾਨਗਰ, ਦੇਹਰਾਦੂਨ, ਤਪੋਵਨ ਅਤੇ ਜੋਸ਼ੀਮਠ ਆਦਿ ਦੇ ਵਸਨੀਕ ਕੁੰਡਲਾਕਾਰ ਸੂਰਜ ਗ੍ਰਹਿਣ ਨੂੰ ਵੇਖ ਸਕਣਗੇ। ਅੰਸ਼ਕ ਗ੍ਰਹਿਣ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਵੇਖਿਆ ਜਾਵੇਗਾ। ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ ਸੂਰਜ ਗ੍ਰਹਿਣ ਦਾ ਸਿਰਫ਼ 78 ਪ੍ਰਤੀਸ਼ਤ ਹੀ ਦਿਖਾਈ ਦੇਵੇਗਾ।
ਦੱਸ ਦਈਏ ਕਿ ਚੰਦਰਮਾ ਤੋਂ ਸੂਰਜ ਦੀ ਦੂਰੀ ਵਧਣ ਨਾਲ ਦੋਵਾਂ ਦਾ ਆਕਾਰ ਬਰਾਬਰ ਦਿਖਾਈ ਦਿੰਦਾ ਹੈ। ਫਿਲਹਾਲ 21 ਜੂਨ ਐਤਵਾਰ ਨੂੰ ਸੂਰਜ ਬਿਲਕੁਲ ਮੱਧ ਵਿਚ ਹੋਵੇਗਾ। ਇਹ ਸਾਲ ਦਾ ਸਭ ਤੋਂ ਵੱਡਾ ਦਿਨ ਵੀ ਹੁੰਦਾ ਹੈ।