ਮੁਜ਼ੱਫਰਨਗਰ: ਨਗਰ ਕੋਤਵਾਲੀ ਖੇਤਰ ਦੇ ਮੁਜ਼ੱਫਰਨਗਰ-ਸਹਾਰਨਪੁਰ ਸਰਹੱਦ 'ਤੇ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਪੰਜਾਬ ਤੋਂ ਪੈਦਲ ਚੱਲਕੇ ਸਹਾਰਨਪੁਰ ਵੱਲੋਂ, ਬਿਹਾਰ ਦੇ ਗੋਪਾਲਗੰਜ ਜਾ ਰਹੇ ਮਜ਼ਦੂਰਾਂ ਨੂੰ ਰੋਡਵੇਜ਼ ਦੀ ਬੱਸ ਨੇ ਕੁਚਲ ਦਿੱਤਾ, ਜਿਸ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 4 ਗੰਭੀਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਡਾਕਟਰਾਂ ਨੇ ਸਾਰਿਆਂ ਨੂੰ ਇਲਾਜ ਲਈ ਮੇਰਠ ਰੈਫਰ ਕਰ ਦਿੱਤਾ ਹੈ।
ਲੌਕਡਾਊਨ ਤੋਂ ਬਾਅਦ ਸਭ ਬੰਦ ਹੋਣ ਕਾਰਨ ਮਜ਼ਦੂਰ ਪੰਜਾਬ ਤੋਂ ਬਿਹਾਰ ਸਥਿਤ ਆਪਣੇ ਜੱਦੀ ਸ਼ਹਿਰਾਂ ਵੱਲ ਤੁਰ ਰਹੇ ਸਨ। ਮ੍ਰਿਤਕਾਂ ਵਿਚੋਂ ਚਾਰ ਗੋਪਾਲਗੰਜ, ਇੱਕ ਪਟਨਾ ਅਤੇ ਇੱਕ ਭੋਜਪੁਰ ਤੋਂ ਹਨ। ਪੁਲਿਸ ਨੇ ਦੱਸਿਆ ਕਿ ਬੱਸ ਖਾਲੀ ਸੀ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇੱਕ ਉੱਚ ਸਰਕਾਰੀ ਅਧਿਕਾਰੀ ਨੂੰ ਹਾਦਸੇ ਦੀ ਜਾਂਚ ਕਰਨ ਲਈ ਕਿਹਾ ਹੈ। ਸੂਬਾ ਸਰਕਾਰ ਨੇ ਕਿਹਾ ਕਿ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ਾ ਅਤੇ ਜ਼ਖਮੀ ਹੋਏ ਲੋਕਾਂ ਨੂੰ 50,000 ਰੁਪਏ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਘਰਾਂ ਨੂੰ ਪੈਦਲ ਜਾ ਰਹੇ ਪਰਵਾਸੀ ਮਜ਼ਦੂਰਾਂ ਨਾਲ ਸੰਬੰਧਤ ਹਾਦਸਿਆਂ ਵਿੱਚ ਲਗਾਤਾਰ ਪਿਛਲੇ ਦਿਨਾਂ ਤੋਂ ਵਾਧਾ ਹੋ ਰਿਹਾ ਹੈ। ਪਿਛਲੇ ਹਫ਼ਤੇ, ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਇੱਕ ਰੇਲ ਗੱਡੀ ਨੇ ਵੀ ਰੇਲਵੇ ਟ੍ਰੈਕ 'ਤੇ ਸੁੱਤੇ ਕਰੀਬ ਲੋਕਾਂ ਨੂੰ ਦਰੜ ਦਿੱਤਾ ਸੀ ਜਿਸ ਕਾਰਨ 16 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਸੀ।