ਰਾਇਪੁਰ: ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ ਚਾਰ ਨਕਸਲੀਆਂ ਨੂੰ ਮਾਰ ਸੁੱਟਿਆ ਹੈ। ਬਸਤਰ ਇਲਾਕੇ ਦੇ ਪੁਲਿਸ ਕਮਿਸ਼ਨਰ ਸੁੰਦਰਰਾਜ ਪੀ ਨੇ ਬੁੱਧਵਾਰ ਨੂੰ ਦੱਸਿਆ ਕਿ ਸੁਕਮਾ ਜ਼ਿਲ੍ਹੇ ਵਿੱਚ ਜਗਰਗੁੰਡਾ ਥਾਣਾ ਖੇਤਰ ਦੇ ਅਧੀਨ ਫੁਲਮਪਾਰ ਪਿੰਡ ਦੇ ਜੰਗਲ ਵਿੱਚ ਸੁਰੱਖਿਆ ਬਲਾਂ ਨੇ 4 ਨਕਸਲੀਆਂ ਨੂੰ ਮਾਰ ਦਿੱਤਾ।
ਸੁੰਦਰਰਾਜ ਨੇ ਦੱਸਿਆ ਕਿ ਜਗਰਗੁੰਡਾ ਥਾਣਾ ਖੇਤਰ ਵਿੱਚ ਨਕਸਲੀ ਗਤੀਵਿਧਿਆਂ ਦੀ ਸੂਚਨਾ ਤੋਂ ਬਾਅਦ ਡੀਆਰਜੀ ਅਤੇ ਸੀਆਰਪੀਐੱਫ਼ ਦੀ ਕੋਬਰਾ ਬਟਾਲਿਅਨ ਦੇ ਸੰਯੁਕਤ ਦਲ ਨੂੰ ਗਸ਼ਤ ਦੇ ਲਈ ਰਵਾਨਾ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਦਲ ਜਦੋਂ ਫੁਲਮਪਾਰ ਪਿੰਡ ਦੇ ਜੰਗਲ ਵਿੱਚ ਸੀ ਉਦੋਂ ਨਕਸਲੀਆਂ ਨੇ ਉਨ੍ਹਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।
ਨਕਸਲੀਆਂ ਵਿਰੁੱਧ ਅਭਿਆਨ ਜਾਰੀ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁੱਝ ਦੇਰ ਤੱਕ ਦੋਵੇਂ ਪਾਸਿਓਂ ਗੋਲੀਬਾਰੀ ਤੋਂ ਬਾਅਦ ਨਕਸਲੀ ਉੱਥੋਂ ਫਰਾਰ ਹੋ ਗਏ। ਬਾਅਦ ਵਿੱਚ ਜਦੋਂ ਸੁਰੱਖਿਆ ਬਲਾਂ ਨੇ ਘਟਨਾ ਵਾਲੀ ਥਾਂ ਦੀ ਤਲਾਸ਼ੀ ਲਈ ਤੇ 4 ਨਕਸਲੀਆਂ ਦੀਆਂ ਲਾਸ਼ਾਂ, ਇੱਕ 303 ਰਾਈਫ਼ਲ, ਦੇਸੀ ਬੰਦੂਕ ਅਤੇ ਵਿਸਫ਼ੋਟਕ ਸਮੱਗਰੀ ਬਰਾਮਦ ਕੀਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਖੇਤਰ ਵਿੱਚ ਨਕਸਲੀਆਂ ਵਿਰੁੱਧ ਅਭਿਆਨ ਜਾਰੀ ਹੈ।