ਹੈਦਾਰਬਾਦ: ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਲਈ ਜਿੱਥੇ ਕਿਸਾਨਾਂ ਵੱਲੋਂ ਮੋਰਚੇ-ਧਰਨੇ ਲਗਾਏ ਜਾ ਰਹੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਪਿਛਲੇ 24 ਦਿਨਾਂ ਤੋਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 'ਤੇ ਬੈਠੇ ਹਨ। ਇਸੇ ਦੌਰਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ। ਅੱਜ ਉਨ੍ਹਾਂ ਦੀ ਹਾਲਤ ਇਸ ਕਦਰ ਖ਼ਰਾਬ ਹੋ ਗਈ ਕਿ ਉਹ ਅਚਾਨਕ ਬੇਹੋਸ਼ ਹੋ ਗਏ ਸਨ। ਇਸ ਸਮੇਂ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਤੁਹਾਨੂੰ ਦਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਬੇਹੋਸ਼ ਹੀ ਨਹੀਂ ਹੋਏ ਉਨ੍ਹਾਂ ਨੂੰ ਉਲਟੀਆਂ ਵੀ ਲੱਗੀਆਂ।
ਡਾਕਟਰਾਂ ਨੇ ਜਤਾਈ ਚਿੰਤਾ
ਡਾ. ਸਵੈਮਾਨ ਦੀ ਟੀਮ ਵੱਲੋਂ ਲਗਾਤਾਰ ਜਗੀਜਤ ਸਿੰਘ ਡੱਲੇਵਾਲ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ ਮੀਡੀਆ ਅਤੇ ਪੰਜਾਬ ਦੇ ਲੋਕਾਂ ਨੂੰ ੳੇੁਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਅੱਜ ਡੱਲੇਵਾਲ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਆਖਿਆ ਕਿ ਡੱਲੇਵਾਲ ਦੀ ਸਿਹਤ ਬਹੁਤ ਹੀ ਨਾਜ਼ੁਕ ਹੋ ਚੁੱਕੀ ਹੈ।ਕਿਸੇ ਸਮੇਂ ਵੀ ਉਨ੍ਹਾਂ ਨੂੰ ਸਾਈਲੈਂਟ ਅਟੈਕ ਆ ਸਕਦਾ ਹੈ।ਉਨ੍ਹਾਂ ਦੇ ਸਰੀਰ 'ਚ ਹਰ ਇੱਕ ਚੀਜ਼ ਦੀ ਕਮੀ ਆ ਰਹੀ ਹੈ।
ਕਿਉਂ ਬੇਹੋਸ਼ ਹੋਏ ਡੱਲੇਵਾਲ?
ਕਾਬਲੇਜ਼ਿਕਰ ਹੈ ਕਿ ਜਦੋਂ ਸਵੇਰੇ ਅੱਜ ਡੱਲੇਵਾਲ ਨੂੰ ਇਸ਼ਨਾਨ ਕਰਵਾਇਆ ਗਿਆ ਤਾਂ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਬਾਹਰ ਲਿਆਉਂਦਾ ਗਿਆ ਤਾਂ ਅਚਾਨਕ ਇੱਕ ਦਮ ਉਹ ਤਕਰੀਨ 5 ਮਿੰਟ ਤੱਕ ਬੇਹੋਸ਼ ਰਹੇ। ਇਸ ਦੌਰਾਨ ਉਨ੍ਹਾਂ ਦਾ ਬੀਪੀ ਬਹੁਤ ਘੱਟ ਗਿਆ ਸੀ। ਦਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਕੈਂਸਰ ਦੇ ਮਰੀਜ਼ ਹਨ। ਇਸ ਲਈ ਉਨ੍ਹਾਂ ਦੇ 24 ਦਿਨ ਤੋਂ ਮਰਨ ਵਰਤ 'ਤੇ ਬੈੈਠਣ ਕਾਰਨ ਉਨ੍ਹਾਂ ਦੇ ਲੀਵਰ, ਕਿਡਨੀਆਂ ਅਤੇ ਅੱਖਾਂ 'ਤੇ ਬਹੁਤ ਅਸਰ ਪੈ ਰਿਹਾ ਹੈ। ਹੁਣ ਤਾਂ ਉਨ੍ਹਾਂ ਨੇ ਆਪਣਾ ਇਲਾਜ ਕਰਵਾਉਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਦੀ ਸਿਹਤ ਬੀਤ ਰਹੇ ਪਲ ਦੇ ਨਾਲ ਖ਼ਰਾਬ ਹੁੰਦੀ ਜਾ ਰਹੀ ਹੈ।
ਸੁਪਰੀਮ ਕੋਰਟ ਵੀ ਚਿੰਤਤ
ਗੌਰਤਲਬ ਹੈ ਕਿ ਕਿਸਾਨ ਆਗੂ ਦੀ ਸਿਹਤ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਵੀ ਚਿੰਤਤ ਦਿਖਾਈ ਦੇ ਰਹੀ ਹੈ।ਇਸ ਕਾਰਨ ਸੁਪਰੀਮ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਆਖਿਆ ਕਿ ਜਗਜੀਤ ਸਿੰਘ ਦਾ ਇਲਾਜ ਅਤੇ ਸੀਟੀ ਸਕੈਨ ਕਰਵਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਹੁਣ ਵੇਖਣਾ ਹੋਵੇਗਾ ਕਿ ਆਖਰ ਸੁਪਰੀਮ ਕੋਰਟ ਵੱਲੋਂ ਜੋ ਪੰਜਾਬ ਸਰਕਾਰ ਨੂੰ ਜੋ ਕਿਹਾ ਉਹ ਸਰਕਾਰ ਕਿਵੇਂ ਮੰਨੇਗੀ ਅਤੇ ਕਿਵੇਂ ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਲਈ ਮਨਾਉਣਗੇ।