ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਹੁਣ ਸਬੰਧੀ ਕੇਸ ਦੇ ਮੁਕੰਮਲ ਹੋਣ ਲਈ ਅੰਤਿਮ ਤਾਰੀਖ ਤੈਅ ਕੀਤੀ ਹੈ। ਰਿਪੋਰਟਾਂ ਦੇ ਅਨੁਸਾਰ, ਸੁਪਰੀਮ ਕੋਰਟ ਨੇ ਸੀਬੀਆਈ ਕੋਰਟ ਨੂੰ 31 ਅਗਸਤ ਤੱਕ ਫ਼ੈਸਲਾ ਸੁਣਾਉਣ ਦੇ ਨਿਰਦੇਸ਼ ਦਿੱਤੇ ਹਨ।
ਆਪਣੀ ਜਾਂਚ ਖਤਮ ਹੋਣ ਤੋਂ ਬਾਅਦ ਸੀਬੀਆਈ ਨੇ 49 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ, ਜਿਨ੍ਹਾਂ ਵਿੱਚੋਂ 17 ਦੀ ਟ੍ਰਾਇਲ ਦੌਰਾਾਨ ਹੀ ਮੌਤ ਹੋ ਗਈ। ਕੇਸ ਦੇ ਮੁਲਜ਼ਮਾਂ ਵਿੱਚ ਸਾਬਕਾ ਉਪ ਪ੍ਰਧਾਨ ਮੰਤਰੀ ਐਲਕੇ ਅਡਵਾਨੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਵਿਨੈ ਕਟਿਆਰ ਸ਼ਾਮਲ ਹਨ।
ਦੱਸਣਯੋਗ ਹੈ ਕਿ ਸਾਲ 1992 ਵਿੱਚ ਸੱਜੇ-ਪੱਖੀ ਹਿੰਦੂਆਂ ਦੀ ਭੀੜ ਨੇ 16ਵੀਂ ਸਦੀ ਦੀ ਬਾਬਰੀ ਮਸਜਿਦ ਢਾਹ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਸਜਿਦ ਮੁਸਲਮਾਨ ਸ਼ਾਸਕਾਂ ਵੱਲੋਂ ਇੱਕ ਮੰਦਿਰ ਨੂੰ ਢਾਹ ਕੇ ਬਣਾਈ ਗਈ ਸੀ। ਤਕਰੀਬਨ 15,000 ਲੋਕਾਂ ਦੀ ਭੀੜ ਨੇ ਪੁਲਿਸ ਘੇਰੇ ਨੂੰ ਤੋੜ ਕੇ ਮਸਜਿਦ ਨੂੰ ਘੇਰਾ ਪਾਕੇ ਤੋੜ ਦਿੱਤਾ ਸੀ। ਇਸ ਤੋਂ ਬਾਅਦ ਕਈ ਹਿੱਸਿਆਂ ਵਿੱਚ ਦੰਗੇ ਭਰਕੇ ਸਨ ਜਿਨ੍ਹਾਂ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ ਸੀ।