ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਤਬਦੀਲ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਹ ਪਟਿਸ਼ਨ ਅਲਕਾ ਪ੍ਰਿਆ ਵੱਲੋਂ ਦਾਖ਼ਲ ਕੀਤੀ ਗਈ ਸੀ।
ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਅਤੇ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਕੋਈ ਵਿਅਕਤੀ ਚੰਗਾ ਸੀ ਜਾਂ ਮਾੜਾ, ਇਹ ਅਧਿਕਾਰ ਖੇਤਰ ਬਾਰੇ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਜੇ ਉਸ ਕੋਲ ਕੋਈ ਠੋਸ ਸਬੂਤ ਹੈ ਤਾਂ ਉਹ ਬੌਂਬੇ ਹਾਈ ਕੋਰਟ ਪਹੁੰਚ ਕਰੇ।
ਇਸ ਤੋਂ ਪਹਿਲਾਂ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਸੁਸ਼ਾਂਤ ਦੀ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਸਮੇਤ 6 ਵਿਅਕਤੀਆਂ ਖ਼ਿਲਾਫ਼ ਰਾਜੀਵ ਨਗਰ ਥਾਣੇ ਵਿੱਚ ਖ਼ੁਦਕੁਸ਼ੀ ਕਰਨ ਲਈ ਉਕਸਾਉਣ ਦਾ ਦੋਸ਼ ਲਗਾਉਂਦਿਆਂ ਐਫਆਈਆਰ ਦਰਜ ਕਰਵਾਈ ਸੀ।
ਦੱਸਣਯੋਗ ਹੈ ਕਿ ਪਟਨਾ ਦੇ ਰਹਿਣ ਵਾਲੇ ਸੁਸ਼ਾਂਤ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਫਲੈਟ ਵਿੱਚ 14 ਜੂਨ ਨੂੰ ਕਥਿਤ ਤੌਰ 'ਤੇ ਖ਼ੁਦਕੁਸ਼ੀ ਕੀਤੀ ਸੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਲੋਕਾਂ ਵੱਲੋਂ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।