ਨਵੀਂ ਦਿੱਲੀ: ਰਾਜਸਥਾਨ ਵਿੱਚ ਸਿਆਸੀ ਘਸਮਾਨ ਦੇ ਵਿਚਕਾਰ ਸਚਿਨ ਪਾਇਲਟ ਦੁਆਰਾ ਇੱਕ ਪਹਿਲ ਕੀਤੀ ਗਈ ਹੈ। ਰਾਜਸਥਾਨ ਦੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੋਮਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਹੈ।
ਇਸ ਮੁਲਾਕਾਤ ਤੋਂ ਬਾਅਦ ਰਾਜਸਥਾਨ ਦੇ ਸਿਆਸੀ ਸੰਕਟ ਦੇ ਖ਼ਤਮ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਕਾਂਗਰਸ ਪਾਰਟੀ ਦੇ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਦੀ ਨਿਵਾਸ 'ਤੇ ਹੋਈ ਇਸ ਬੈਠਕ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ।
ਪਾਇਲਟ ਸੀਨੀਅਰ ਕਾਂਗਰਸੀ ਆਗੂਆਂ ਕੇਸੀ ਵੇਣੂਗੋਪਾਲ ਅਤੇ ਅਹਿਮਦ ਪਟੇਲ ਦੇ ਸੰਪਰਕ ਵਿੱਚ ਹਨ ਜੋ ਰਾਜਸਥਾਨ ਰਾਜਨੀਤਿਕ ਸੰਕਟ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪਾਇਲਟ ਅਤੇ ਉਨ੍ਹਾਂ ਦੇ ਕਰੀਬੀ 18 ਕਾਂਗਰਸੀ ਵਿਧਾਇਕਾਂ ਨੇ ਪਿਛਲੇ ਇੱਕ ਮਹੀਨੇ ਤੋਂ ਅਸ਼ੋਕ ਗਹਿਲੋਤ ਸਰਕਾਰ ਖ਼ਿਲਾਫ਼ ਬਗਾਵਤ ਕੀਤੀ ਹੋਈ ਹੈ। ਜਿਸ ਕਾਰਨ ਸੂਬੇ ਦੀ ਕਾਂਗਰਸ ਸਰਕਾਰ ਢਹਿਣ ਦੀ ਕਗਾਰ 'ਤੇ ਪਹੁੰਚ ਗਈ ਹੈ।