ਲੇਹ (ਲੱਦਾਖ): ਜੰਮੂ-ਕਸ਼ਮੀਰ ਨੂੰ ਵੀਰਵਾਰ ਰਾਤ 12 ਵਜੇ ਤੋਂ ਬਾਅਦ ਰਾਜ ਦਾ ਦਰਜਾ ਖ਼ਤਮ ਕਰ ਕੇ ਅਧਿਕਾਰਤ ਤੌਰ 'ਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ। ਜੰਮੂ-ਕਸ਼ਮੀਰ ਦੇ ਇੱਕ ਹਿਸੇ ਨੂੰ ਜੰਮੂ-ਕਸ਼ਮੀਰ ਅਤੇ ਦੂਜੇ ਨੂੰ ਲੱਦਾਖ ਦੇ ਤੌਰ 'ਤੇ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਿਆਂ ਗਿਆ ਹੈ।
ਸਰਕਾਰ ਵੱਲੋਂ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਪਹਿਲੇ ਉਪ ਰਾਜਪਾਲ ਵਜੋਂ ਸਾਬਕਾ ਆਈਏਐਸ ਅਧਿਕਾਰੀ ਰਾਧਾ ਕ੍ਰਿਸ਼ਨ ਮਾਥੁਰ ਨੂੰ ਵੀਰਵਾਰ ਨੂੰ ਸਹੁੰ ਚੁੱਕਾਈ ਗਈ ਹੈ।
ਜਾਣਕਾਰੀ ਮੁਤਾਬਕ ਸਹੁੰ ਚੁੱਕ ਸਮਾਰੋਹ ਦੀ ਅਗਵਾਈ ਜੰਮੂ-ਕਸ਼ਮੀਰ ਹਾਈ ਕੋਰਟ ਦੀ ਚੀਫ਼ ਜਸਟਿਸ ਗੀਤਾ ਮਿੱਤਲ ਵੱਲੋਂ ਕੀਤੀ ਗਈ। ਸਮਾਰੋਹ ਲੇਹ ਵਿਖੇ ਬੜੇ ਸਧਾਰਨ ਰੂਪ ਵਿੱਚ ਕਰਵਾਇਆ ਗਿਆ।
ਲੱਦਾਖ ਨੂੰ ਅਧਿਕਾਰਤ ਤੌਰ 'ਤੇ ਜੰਮੂ-ਕਸ਼ਮੀਰ ਪੁਨਰਗਠਨ ਬਿਲ, 2019 ਦੇ ਅਧਾਰ 'ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਦਰਜਾ ਦਿੱਤਾ ਗਿਆ ਹੈ। ਇਸ ਬਿੱਲ ਨੂੰ ਸੰਸਦ ਵਿੱਚ 5 ਅਗਸਤ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ। ਕੇਂਦਰ ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਵੀ ਖ਼ਤਮ ਕਰ ਦਿੱਤਾ ਸੀ।
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵੰਡੀਆ ਗਿਆ ਹੋਵੇ। ਸਰਕਾਰ ਇਸ ਫ਼ੈਸਲੇ ਨਾਲ ਹੀ, ਦੇਸ਼ ਦੇ ਰਾਜਾਂ ਦੀ ਕੁੱਲ ਸੰਖਿਆ 29 ਤੋਂ 28 ਹੋ ਗਈ ਹੈ, ਜਦਕਿ ਕੁੱਲ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਗਿਣਤੀ 9 ਹੋ ਗਈ ਹੈ।