ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਦੇ ਗਵਾਹ ਤੇ ਵਿਵਾਦਿਤ ਆਰਮਜ਼ ਡੀਲਰ ਅਭਿਸ਼ੇਕ ਵਰਮਾ ਨੂੰ ਸੁਰੱਖਿਆ ਦੇਣ ਦੇ ਕੋਰਟ ਦੇ ਆਦੇਸ਼ ਦੀ ਪਾਲਣਾ ਨਾ ਕਰਨ 'ਤੇ ਦਿੱਲੀ ਪੁਲਿਸ ਦੇ 2 ਸੀਨੀਅਰ ਅਫ਼ਸਰਾਂ ਨੂੰ ਜਵਾਬ ਤਲਬ ਕੀਤਾ ਹੈ।
ਜਸਟਿਸ ਸੰਜੀਵ ਸਚਦੇਵਾ ਦੇ ਬੈਂਚ ਨੇ ਕਿਹਾ ਕਿ ਅਭਿਸ਼ੇਕ ਵਰਮਾ ਇਸ ਮਾਮਲੇ ਦੇ ਅਹਿਮ ਗਵਾਹ ਹਨ ਤੇ ਜੇਕਰ ਉਨ੍ਹਾਂ ਦੇ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ।
ਸੁਰੱਖਿਆ ਦੇਣ ਦੇ ਕੋਰਟ ਦੇ ਫ਼ੈਸਲੇ ਦੀ ਪਾਲਣਾ ਨਹੀਂ ਕੀਤੀ ਗਈ
ਅਭਿਸ਼ੇਕ ਵਰਮਾ ਨੇ ਦੱਖਣੀ ਦਿੱਲੀ ਦੇ ਐਡੀਸ਼ਨਲ ਡੀਐਸਪੀ ਤੇ ਡੀਐਸਪੀ ਦੇ ਖ਼ਿਲਾਫ ਕੋਰਟ ਦੀ ਅਪਮਾਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਦੋਹਾਂ ਪੁਲਿਸ ਅਧਿਕਾਰੀਆਂ ਨੇ ਟ੍ਰਾਇਲ ਕੋਰਟ ਦੇ ਫ਼ੈਸਲੇ ਦੀ ਪਾਲਣਾ ਨਹੀਂ ਕੀਤੀ। ਦਰਅਸਲ, ਰਾਊਜ ਐਵਿਨਿਊ ਕੋਰਟ ਨੇ ਪਿਛਲੀ 18 ਅਗਸਤ ਨੂੰ ਦਿੱਲੀ ਪੁਲਿਸ ਨੂੰ ਨਿਰਦੇਸ਼ ਦਿੱਤਾ ਸੀ ਕਿ ਅਭਿਸ਼ੇਕ ਵਰਮਾ ਨੂੰ ਸੁਰੱਖਿਆ ਦਿੱਤੀ ਜਾਵੇ। ਅਭਿਸ਼ੇਕ ਵਰਮਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਦਿੱਲੀ ਪੁਲਿਸ ਨੇ ਉਸ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਤੋਂ ਬਾਅਦ ਰਾਊਜ ਐਵਿਨਿਊ ਕੋਰਟ ਵਿੱਚ ਸੁਰੱਖਿਆ ਦੇਣ ਲਈ ਪਟੀਸ਼ਮਨ ਦਾਖ਼ਲ ਕੀਤੀ ਗਈ ਸੀ।
ਬਿਨਾਂ ਮੁਲਾਂਕਣ ਤੋਂ ਸੁਰੱਖਿਆ ਹਟਾਈ ਗਈ
ਅਭਿਸ਼ੇਕ ਵਰਮਾ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਨ੍ਹਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸੁਰੱਖਿਆ ਦਾ ਮੁਲਾਂਕਣ ਕੀਤੇ ਬਗੈਰ ਉਨ੍ਹਾਂ ਦੀ ਸੁਰੱਖਿਆ ਹਟਾ ਦਿੱਤੀ ਗਈ। ਵਰਮਾ ਨੇ ਕਿਹਾ ਸੀ ਕਿ ਆਈਬੀ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਉਨ੍ਹਾਂ ਦੀ ਸੁਰੱਖਿਆ ਦਾ ਮੁੜ ਮੁਲਾਂਕਣ ਕੀਤਾ ਜਾਵੇ।
ਅਭਿਸ਼ੇਕ ਵਰਮਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ
ਅਭਿਸ਼ੇਕ ਵਰਮਾ ਨੇ 2017 ਵਿੱਚ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਤੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਅਭਿਸ਼ੇਕ ਵਰਮਾ ਨੂੰ ਈ-ਮੇਲ ਰਾਹੀਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਅਭਿਸ਼ੇਕ ਵਰਮਾ 1 ਨਵੰਬਰ 1984 ਵਿੱਚ ਦਿੱਲੀ ਦੇ ਪੁਲਬੰਗਸ਼ ਵਿੱਚ ਤਿੰਨ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਗਵਾਹ ਹਨ। 1 ਨਵੰਬਰ 1984 ਨੂੰ ਪੁਲਬੰਗਸ਼ ਵਿੱਚ ਜਿਨ੍ਹਾਂ ਸਿੱਖਾਂ ਦਾ ਕਤਲ ਕੀਤਾ ਗਿਆ ਸੀ, ਉਨ੍ਹਾਂ ਵਿੱਚ ਬਾਦਲ ਸਿੰਘ, ਠਾਕੁਰ ਸਿੰਘ ਤੇ ਗੁਰਚਰਣ ਸਿੰਘ ਸ਼ਾਮਲ ਸਨ। ਤਿੰਨਾਂ ਦਾ ਕਤਲ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਤੋਂ ਬਾਅਦ ਕੀਤਾ ਗਿਆ ਸੀ। ਇਸ ਕੇਸ ਨੂੰ ਨਾਨਾਵਟੀ ਕਮੀਸ਼ਨ ਨੇ ਦੁਬਾਰਾ ਖੋਲ੍ਹਣ ਦਾ ਆਦੇਸ਼ ਦਿੱਤਾ ਸੀ।