ਹਰਿਆਣਾ-ਕੁਰੁਕਸ਼ੇਤਰ ਦੇ ਇੱਕ ਛੋਟੇ ਜਿਹੇ ਕਸਬੇ ਸ਼ਾਹਬਾਦ ਦੇ ਰਹਿਣ ਵਾਲੀ ਰਾਣੀ ਰਾਮਪਾਲ ਨੇ ਤਿਰੰਗਾ ਬਹੁਤ ਉੱਚਾ ਲਹਿਰਾਇਆ ਹੈ, ਚੌਥੀ ਜਮਾਤ ਵਿੱਚ ਹਾਕੀ ਦੀ ਸਟਿੱਕ ਸਾਂਭਣ ਵਾਲੀ ਇਸ ਖਿਡਾਰਣ ਨੂੰ ਪਦਮ ਸ੍ਰੀ ਲਈ ਚੁਣਿਆ ਗਿਆ, ਮਾਤਾ ਪਿਤਾ ਦੇ ਸ਼ਬਦਾਂ ਵਿੱਚ ਆਪਣੀ ਧੀ ਲਈ ਮਾਣ ਸਾਫ਼ ਝਲਕਦਾ ਹੈ
4 ਦਸੰਬਰ 1994 ਨੂੰ ਸ਼ਾਹਬਾਦ ਮਾਰਕੰਡਾ ਵਿੱਚ ਰਾਮਪਾਲ ਤੇ ਰਾਮਮੁਰਤੀ ਦੇ ਘਰ ਜੰਮੀ ਧੀ ਦਾ ਨਾਂਅ ਰਾਣੀ ਰੱਖਿਆ ਗਿਆ। ਰਾਮਪਾਲ ਘੋੜਾ ਗੱਡੀ ਚੱਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਜਦੋਂ ਰਾਣੀ ਚੌਥੀ ਜਮਾਤ 'ਚ ਪੜ੍ਹਦੀ ਸੀ ਤਾਂ ਮੈਦਾਨ 'ਚ ਕੁੜੀਆਂ ਨੂੰ ਖੇਡਦਾ ਦੇਖਕੇ ਉਸ ਦੇ ਮਨ 'ਚ ਵੀ ਹਾਕੀ ਖੇਡਣ ਦੀ ਇੱਛਾ ਹੋਈ। ਉਹ ਸਿਰਫ਼ 13 ਸਾਲ ਦੀ ਉਮਰ ਵਿੱਚ ਹੀ ਭਾਰਤੀ ਮਹਿਲਾ ਹਾਕੀ ਟੀਮ 'ਚ ਸ਼ਾਮਲ ਹੋ ਗਈ।
ਹਾਕੀ ਟੀਮ ਦੀ ਬਣੀ ਕਪਤਾਨ
ਰਾਣੀ ਨੇ ਹੌਲੀ ਹੌਲੀ ਹਾਕੀ ਵਿੱਚ ਆਪਣਾ ਨਾਂਅ ਕਮਾਇਆ ਤੇ ਭਾਰਤੀ ਟੀਮ ਦੀ ਕਪਤਾਨ ਬਣ ਗਈ। ਜਿਉਂ-ਜਿਉਂ ਉਹ ਹਾਕੀ ਵਿੱਚ ਅੱਗੇ ਵਧੀ, ਪਰਿਵਾਰ ਦੀ ਸਥਿਤੀ ਵਿੱਚ ਵੀ ਸੁਧਾਰ ਹੋਣਾ ਸ਼ੁਰੂ ਹੋਇਆ। ਰਾਣੀ ਨੇ ਕੌਮਾਂਤਰੀ ਪੱਧਰ 'ਤੇ ਛੋਟੇ ਕਸਬੇ ਸ਼ਾਹਬਾਦ ਹਰਿਆਣਾ ਅਤੇ ਭਾਰਤ ਦਾ ਨਾਂਅ ਰੋਸ਼ਨ ਕੀਤਾ। ਰਾਣੀ ਘਰ 'ਚ ਸਭ ਤੋਂ ਛੋਟੀ ਹੈ। ਉਸ ਦੇ 2 ਵੱਡੇ ਭਰਾ ਹਨ। ਇੱਕ ਭਰਾ ਰੇਲਵੇ ਵਿੱਚ ਕੰਮ ਕਰ ਰਿਹਾ ਹੈ, ਦੂਜਾ ਮਿਹਨਤ ਕਰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ।
ਰਾਣੀ ਦੇ ਪਿਤਾ ਰਾਮਪਾਲ ਨੇ ਕਿਹਾ ਕਿ ਉਹ ਪਦਮ ਸ੍ਰੀ ਪੁਰਸਕਾਰ ਮਿਲਣ ਕਰਕੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਬੜੀ ਮੁਸ਼ਕਿਲ ਨਾਲ ਆਪਣੀ ਧੀ ਨੂੰ ਇਸ ਸਥਾਨ 'ਤੇ ਲੈ ਕੇ ਆਏ ਹਨ। ਸਖ਼ਤ ਮਿਹਨਤ ਘੋੜਾ ਚਲਾ ਕੇ ਉਨ੍ਹਾਂ ਆਪਣੀ ਧੀ ਦੀ ਹਰ ਇੱਛਾ ਪੂਰੀ ਕੀਤੀ ਅਤੇ ਅੱਜ ਉਹ ਇਸ ਪੜਾਅ 'ਤੇ ਹੈ ਕਿ ਦੇਸ਼ ਨੂੰ ਉਸ 'ਤੇ ਮਾਣ ਹੈ ਅਤੇ ਉਹ ਆਪਣਾ ਹਰ ਸੁਪਨਾ ਪੂਰਾ ਕਰ ਰਹੀ ਹੈ।
ਧੀ ਨੇ ਆਪਣੇ ਨਾਂਅ ਨਾਲ ਜੋੜਿਆ ਪਿਤਾ ਦੇ ਨਾਂਅ
ਜਦੋਂ ਰਾਣੀ ਦੇ ਪਿਤਾ ਨੇ ਪੁੱਛਿਆ ਕਿ ਉਹ ਆਪਣੇ ਨਾਂਅ ਨਾਲ ਪਿਤਾ ਦਾ ਨਾਂਅ ਕਿਉ ਜੋੜਦੀ ਹੈ ਤਾਂ ਉਹ ਭਾਵੁਕ ਹੋ ਗਏ। ਉਨਾਂ ਕਿਹਾ ਕਿ ਸ਼ੁਰੂ ਤੋਂ ਹੀ ਰਾਣੀ ਨੇ ਆਪਣੇ ਨਾਂਅ ਦੇ ਅੱਗੇ ਉਨ੍ਹਾਂ ਦਾ ਨਾਂਅ ਜੋੜ ਦਿੱਤਾ ਤੇ ਰਾਣੀ ਰਾਮਪਾਲ ਬਣ ਗਈ।
ਰਾਣੀ ਰਾਮਪਾਲ ਦੇ ਕੈਰੀਅਰ ਦੀ ਇੱਕ ਝਲਕ -
- ਜੂਨੀਅਰ ਹਾਕੀ ਵਿਸ਼ਵ ਕੱਪ 2013 ਵਿੱਚ ਪਲੇਅਰ ਆਫ਼ ਦਾ ਟੂਰਨਾਮੈਂਟ ਰਹੀ
- 2010 ਵਿੱਚ ਉਹ ਹਾਕੀ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰੀ ਬਣ ਗਈ। ਉਸ ਸਮੇਂ ਉਹ ਮਹਿਜ਼ 15 ਸਾਲਾਂ ਦੀ ਸੀ।
- ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਿਆ।
- ਉਨ੍ਹਾਂ ਨੇ 2009 'ਚ ਏਸ਼ੀਆ ਕੱਪ ਦੌਰਾਨ ਭਾਰਤ ਨੂੰ ਚਾਂਦੀ ਦਾ ਤਮਗ਼ਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
- 2010 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ 2010 ਦੀਆਂ ਏਸ਼ੀਆਈ ਖੇਡਾਂ ਦੌਰਾਨ ਉਹ ਭਾਰਤੀ ਟੀਮ ਵਿੱਚ ਸੀ।
- ਉਨ੍ਹਾਂ ਨੂੰ ਮਿਲ ਚੁੱਕਾ ਹੈ ਬੈਸਟ ਯੰਗ ਫਾਰਵਰਡ ਐਵਾਰਡ
- ਸਾਲ 2013 ਵਿੱਚ ਜੂਨੀਅਰ ਮਹਿਲਾ ਹਾਕੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ, ਜੋ ਕਿ ਵਿਸ਼ਵ ਕੱਪ ਹਾਕੀ ਮੁਕਾਬਲੇ ਵਿੱਚ 38 ਸਾਲਾਂ ਬਾਅਦ ਭਾਰਤ ਦਾ ਪਹਿਲਾ ਤਮਗ਼ਾ ਹੈ।
- ਰੱਬ ਕਰੇ ਰਾਣੀ ਇੰਝ ਹੀ ਅੱਗੇ ਵੱਧਦੀ ਰਹੇ ਤੇ ਆਪਣਾ ਤੇ ਆਪਣੇ ਦੇਸ਼ ਦਾ ਨਾਂਅ ਚਮਕਾਉਂਦੀ ਰਹੇ।