ਨਵੀਂ ਦਿੱਲੀ: ਸੰਸਦ ਵਿਚ ਨੱਥੂਰਾਮ ਗੋਡਸੇ ਨੂੰ 'ਦੇਸ਼ ਭਗਤ' ਕਹਿਣ ਵਾਲੀ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੂੰ ਵੀਰਵਾਰ ਨੂੰ ਸੰਸਦੀ ਰੱਖਿਆ ਕਮੇਟੀ ਵਿਚੋਂ ਹਟਾ ਦਿੱਤਾ ਗਿਆ ਹੈ। ਇਸ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਬੋਲਦਿਆਂ ਕਿਹਾ ਕਿ ਜੇ ਕੋਈ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਕਹਿੰਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਉਸ ਦੀ ਨਿਖੇਧੀ ਕਰਦੀ ਹੈ।
ਰੱਖਿਆ ਮੰਤਰੀ ਨੇ ਕਿਹਾ, "ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਕਹਿਣਾ ਤਾਂ ਦੂਰ, ਉਨ੍ਹਾਂ ਨੂੰ ਦੇਸ਼ ਭਗਤ ਮੰਨਣ ਦੀ ਸੋਚ ਦੀ ਵੀ ਸਾਡੀ ਪਾਰਟੀ ਨਿਖੇਧੀ ਕਰਦੀ ਹੈ। ਮਹਾਤਮਾ ਗਾਂਧੀ ਸਾਡੇ ਲਈ ਆਦਰਸ਼ ਹਨ ਉਹ ਸਾਡੇ ਮਾਰਗ ਦਰਸ਼ਕ ਹਨ ਅਤੇ ਹਮੇਸ਼ਾ ਰਹਿਣਗੇ।"
ਇਸ ਤੋਂ ਪਹਿਲਾਂ ਪ੍ਰਗਿਆ ਦੇ ਬਿਆਨ ਉੱਤੇ ਭਾਜਪਾ ਵੱਲੋਂ ਪਹਿਲੀ ਪ੍ਰਤੀਕ੍ਰਿਆ ਵਿਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ, "ਸੰਸਦ ਵਿਚ ਕੱਲ ਉਨ੍ਹਾਂ ਦਾ ਬਿਆਨ ਨਿੰਦਣਯੋਗ ਹੈ। ਭਾਜਪਾ ਕਦੇ ਵੀ ਇਸ ਤਰ੍ਹਾਂ ਦੇ ਬਿਆਨ ਜਾਂ ਵਿਚਾਰਧਾਰਾ ਦਾ ਸਮਰਥਨ ਨਹੀਂ ਕਰਦੀ।"
ਨੱਡਾ ਨੇ ਅੱਗੇ ਕਿਹਾ, "ਅਸੀਂ ਫੈਸਲਾ ਕੀਤਾ ਹੈ ਕਿ ਪ੍ਰੱਗਿਆ ਸਿੰਘ ਠਾਕੁਰ ਨੂੰ ਰੱਖਿਆ ਸਲਾਹਕਾਰ ਕਮੇਟੀ ਤੋਂ ਹਟਾ ਦਿੱਤਾ ਜਾਵੇਗਾ ਅਤੇ ਇਸ ਸੈਸ਼ਨ ਵਿੱਚ ਉਨ੍ਹਾਂ ਨੂੰ ਸੰਸਦੀ ਪਾਰਟੀ ਦੀਆਂ ਮੀਟਿੰਗਾਂ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ।"