ਨਵੀਂ ਦਿੱਲੀ: ਨਾਗਰਿਕਤਾ ਕਾਨੂੰਨ (ਸੀ.ਏ.ਏ.) ਅਤੇ ਐਨ.ਆਰ.ਸੀ. ਦੇ ਨਾਂਅ 'ਤੇ ਦਿੱਲੀ ਵਿੱਚ ਫੈਲੀ ਹਿੰਸਾ ਵਿੱਚ 27 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪਿਛਲੇ ਤਿੰਨ ਦਿਨਾਂ ਦੀ ਹਿੰਸਾ ਦੌਰਾਨ ਉੱਤਰ ਪੂਰਬੀ ਦਿੱਲੀ ਵਿੱਚ ਕਈ ਥਾਵਾਂ ‘ਤੇ ਪੱਥਰਬਾਜ਼ੀ ਤੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ ਮਾਮਲੇ ਵਿੱਚ ਸਰਕਾਰ ਅਤੇ ਪੁਲਿਸ ਦੇ ਰਵੱਈਏ ਦੀ ਅਲੋਚਨਾ ਕੀਤੀ ਹੈ। ਸੁਪਰਸਟਾਰ ਰਜਨੀਕਾਂਤ ਨੇ ਵੀ ਇਸ ਮਾਮਲੇ ਵਿੱਚ ਸਰਕਾਰ ਦੀ ਨਾਕਾਮੀ ਦੀ ਗੱਲ ਕੀਤੀ ਹੈ।
ਰਜਨੀਕਾਂਤ ਨੇ ਕਿਹਾ ਕਿ ਇਹ ਖੁਫੀਆ ਏਜੰਸੀਆਂ ਦੀ ਅਸਫਲਤਾ ਹੈ ਅਤੇ ਇਹ ਸਾਬਤ ਕਰਦਾ ਹੈ, ਕਿ ਗ੍ਰਹਿ ਮੰਤਰਾਲਾ ਵੀ ਇਸ ਮਾਮਲੇ ਵਿੱਚ ਅਸਫ਼ਲ ਰਿਹਾ ਹੈ। ਪ੍ਰਦਰਸ਼ਨ ਅਤੇ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਹੋ ਸਕਦੇ ਹੈ ਪਰ ਹਿੰਸਕ ਢੰਗ ਨਾਲ ਨਹੀਂ। ਜੇ ਹਿੰਸਾ ਭੜਕਦੀ ਹੈ, ਤਾਂ ਇਸ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦਿੱਲੀ ਦੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਇਸ ਹਿੰਸਾ ਦੇ ਫੈਲਣ ਤੋਂ ਬਾਅਦ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਟਵੀਟ ਕਰਕੇ ਇਸ ਘਟਨਾ ਨੂੰ ਬਹੁਤ ਦੁਖੀ ਦੱਸਿਆ ਹੈ।