ਜੈਪੁਰ: ਰਾਜਸਥਾਨ ਵਿੱਚ ਰਾਜਨੀਤਿਕ ਸਰਗਰਮੀ ਦੇ ਵਿਚਾਲੇ ਕਾਂਗਰਸ ਆਪਣੀ ਸਰਕਾਰ ਬਚਾਉਣ ਲਈ ਵਿਧਾਇਕਾਂ ਨੂੰ ਇਕੱਠਾ ਕਰ ਰਹੀ ਹੈ। ਸਾਰੇ ਵਿਧਾਇਕਾਂ ਨੂੰ ਮੁੱਖ ਮੰਤਰੀ ਨਿਵਾਸ ਤੋਂ 4 ਬੱਸਾਂ ਵਿੱਚ ਗੁਪਤ ਥਾਂ 'ਤੇ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਿਵਾਸ ਵਿਖੇ ਵਿਧਾਇਕ ਦਲ ਦੀ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੱਲ 106 ਵਿਧਾਇਕਾਂ ਨੇ ਇਸ ਵਿੱਚ ਹਿੱਸਾ ਲਿਆ ਸੀ।
ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਹੋਈ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਸਾਰੇ ਵਿਧਾਇਕਾਂ ਨੂੰ ਨਿੱਜੀ ਬੱਸਾਂ ਰਾਹੀਂ ਹੋਟਲ ਫੇਅਰਮਾਊਂਟ ਲਿਜਾਇਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ੁਦ ਵਿਧਾਇਕਾਂ ਨਾਲ ਬੱਸ ਵਿੱਚ ਬੈਠ ਕੇ ਗਏ ਹਨ। ਵਿਧਾਇਕਾਂ ਨਾਲ ਜਾਂਦੇ ਹੋਏ ਮੁੱਖ ਮੰਤਰੀ ਅਸ਼ੋਕ ਗਹਿਲੋਤ ਬੱਸ ਦੇ ਅੰਦਰੋਂ ਜਿੱਤ ਦੇ ਨਿਸ਼ਾਨ ਦਿਖਾਉਂਦੇ ਦਿਖਾਈ ਦਿੱਤੇ। ਇਸ ਤੋਂ ਸਪੱਸ਼ਟ ਹੈ ਕਿ ਗਹਿਲੋਤ ਕਹਿ ਰਹੇ ਹਨ ਕਿ ਕਾਂਗਰਸ ਦੀ ਸਰਕਾਰ ਰਾਜਸਥਾਨ 'ਚ ਪੂਰੀ ਬਹੁਮਤ ਵਿੱਚ ਹੈ। ਸਰਕਾਰ ਨੂੰ ਗਿਰਾਉਣ ਲਈ ਕਿਸੇ ਵੀ ਤਰ੍ਹਾਂ ਦੀ ਯੋਜਨਾ ਸਫਲ ਨਹੀਂ ਹੋਵੇਗੀ।
ਦੱਸ ਦਈਏ ਕਿ ਰਾਜਸਥਾਨ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸਰਕਾਰ ਵਿੱਚ ਡਿਪਟੀ ਸੀਐਮ ਸਚਿਨ ਪਾਇਲਟ ਨੇ ਬਾਗੀ ਰਵੱਈਆ ਅਪਣਾਇਆ ਹੋਇਆ ਹੈ। ਸਚਿਨ ਪਾਇਲਟ ਨੇ ਆਪਣੇ ਨਾਲ 30 ਵਿਧਾਇਕ ਹੋਣ ਅਤੇ ਮੌਜੂਦਾ ਸਰਕਾਰ ਕੋਲ ਬਹੁਮਤ ਨਾ ਹੋਣ ਦਾ ਦਾਅਵਾ ਕੀਤਾ ਸੀ। ਉਸ ਸਮੇਂ ਤੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਆਪਣੇ ਵਿਧਾਇਕਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।
ਭਾਜਪਾ ਨੇ ਵਿਧਾਇਕਾਂ ਨੂੰ ਕੀਤਾ ਅਲਰਟ
ਵਿਰੋਧੀ ਧਿਰ ਦੇ ਆਗੂ ਗੁਲਾਬਚੰਦ ਕਟਾਰੀਆ ਨੇ ਭਾਜਪਾ ਵਿਧਾਇਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸੇ ਵੀ ਸਮੇਂ ਜੈਪੁਰ ਆਉਣ ਲਈ ਤਿਆਰ ਰਹਿਣ। ਇਹ ਮੰਨਿਆ ਜਾਂਦਾ ਹੈ ਕਿ ਜੇ ਕਾਂਗਰਸ ਦੀ ਤਾਕਤ ਘੱਟ ਹੈ, ਤਾਂ ਭਾਜਪਾ ਰਾਜਪਾਲ ਤੋਂ ਫਲੋਰ ਟੈਸਟ ਦੀ ਮੰਗ ਕਰ ਸਕਦੀ ਹੈ ਅਤੇ ਫਿਰ ਭਾਜਪਾ ਵਿਧਾਇਕਾਂ ਨੂੰ ਤੁਰੰਤ ਜੈਪੁਰ ਬੁਲਾਇਆ ਜਾ ਸਕਦਾ ਹੈ।