ਇੰਦੌਰ: ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਰਾਜ ਸਭਾ ਸੰਸਦ ਮੈਂਬਰ ਜੋਤੀਰਾਦਿੱਤਿਆ ਸਿੰਧੀਆ ਨੇ ਸੋਮਵਾਰ ਨੂੰ ਕਾਂਗਰਸ ‘ਤੇ ਹਮਲਾ ਬੋਲਦਿਆਂ ਕਿਹਾ ਕਿ ਪਾਰਟੀ ਵਿੱਚ ਸਮਰੱਥ ਆਗੂਆਂ 'ਤੇ ਪ੍ਰਸ਼ਨ ਚਿੰਨ੍ਹ ਉੱਠ ਰਹੇ ਹਨ। ਦੋਸ਼ ਲਗਾਉਂਦਿਆਂ ਉਨ੍ਹਾਂ ਸਚਿਨ ਪਾਇਲਟ ਦੀ ਮਿਸਾਲ ਦਿੱਤੀ, ਜਿਨ੍ਹਾਂ ਨੇ ਰਾਜਸਥਾਨ ਵਿੱਚ ਕੁੱਝ ਸਮੇਂ ਲਈ ਲੀਡਰਸ਼ਿਪ ਵਿਰੁੱਧ ਬਗਾਵਤ ਕੀਤੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਧੀਆ ਨੇ ਕਿਹਾ, "ਪਾਇਲਟ ਮੇਰਾ ਦੋਸਤ ਹੈ। ਹਰ ਕੋਈ ਉਸ ਦਰਦ ਬਾਰੇ ਜਾਣਦਾ ਹੈ ਜਿਸ ਵਿੱਚੋਂ ਉਹ ਲੰਘਿਆ ਹੈ। ਇੰਨੀ ਦੇਰੀ ਤੋਂ ਬਾਅਦ ਕਿਵੇਂ ਕਾਂਗਰਸ ਆਪਣਾ ਸਭ ਸਹੀ ਕਰਨ ਵਿੱਚ ਲੱਗੀ ਹੈ, ਇਹ ਵੀ ਸਾਰਿਆਂ ਨੂੰ ਪਤਾ ਹੈ।"
ਸਿੰਧੀਆ ਨੇ ਅੱਗੇ ਕਿਹਾ, "ਇਹ ਦੁੱਖ ਦੀ ਗੱਲ ਹੈ ਕਿ ਕਾਂਗਰਸ ਵਿੱਚ ਸਮਰੱਥ ਆਗੂਆਂ 'ਤੇ ਸਵਾਲ ਖੜ੍ਹੇ ਹੁੰਦੇ ਹਨ। ਮੇਰੇ ਸਾਬਕਾ ਸਹਿਯੋਗੀ ਨੂੰ ਵੀ ਹਾਲ ਹੀ ਵਿੱਚ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੀਡਰਸ਼ਿਪ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਐਨਡੀਏ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕੀਤਾ ਅਤੇ ਸਰਹੱਦੀ ਸਥਿਤੀ ਨੂੰ ਲੈ ਕੇ ਚੀਨ ਨੂੰ ਕਰਾਰਾ ਜਵਾਬ ਦਿੱਤਾ।
ਬੀਤੀ ਮਾਰਚ ਨੂੰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਿੰਧੀਆ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਪੋਸਟਾਂ 'ਤੇ ਰੋਕ ਲਾ ਦਿੱਤੀ ਜਾਣੀ ਚਾਹੀਦੀ ਹੈ।
ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਲਗਾਏ ਫੇਸਬੁੱਕ ਅਤੇ ਭਾਜਪਾ ਦੀ ਮਿਲੀਭੁਗਤ ਦੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਸਿੰਧੀਆ ਨੇ ਕਿਹਾ, "ਇੰਟਰਨੈਟ ਇੱਕ ਸੁਤੰਤਰ ਮਾਧਿਅਮ ਹੈ। ਜਦੋਂ ਲੋਕ, ਜਿਨ੍ਹਾਂ ਕੋਲ ਨਾਗਰਿਕਾਂ ਦਾ ਵਿਸ਼ਵਾਸ ਗੁਆਉਣ ਤੋਂ ਬਾਅਦ ਕੁਝ ਕਹਿਣ ਨੂੰ ਨਹੀਂ ਹੁੰਦਾ, ਤਾਂ ਅਜਿਹੇ ਮੁੱਦਿਆਂ ਨੂੰ ਫੜ੍ਹ ਲੈਂਦੇ ਹਨ।"
ਹਾਲਾਂਕਿ, ਸਿੰਧੀਆ ਨੇ ਕਿਹਾ ਕਿ ਮੇਰੀ ਰਾਏ ਇਹ ਹੈ ਕਿ ਜਿੱਥੇ ਫੇਸਬੁੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਸੇ ਦੇ ਖ਼ਿਲਾਫ਼ ਇਤਰਾਜ਼ਯੋਗ ਗੱਲਾਂ ਕਹੀਆਂ ਜਾਂਦੀਆਂ ਹਨ, ਤਾਂ ਉਨ੍ਹਾਂ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਜਾਣੀ ਚਾਹੀਦੀ ਹੈ।