ਤਮਿਲਨਾਡੂ : ਮਦੂਰਈ ਦੀ ਪੂਰਣਾ ਸੁੰਦਰੀ ਨਾਲ ਮਿਲੋ , ਉਹ ਦਿਵਿਆਂਗ ਹੈ, ਪਰ ਸੰਘ ਲੋਕ ਸੇਵਾ ਆਯੋਗ ਯਾਨੀ ਯੂਪੀਐਸਸੀ ਦੀ ਰੈਂਕ ਹੋਲਡਰ ਹੈ। ਮਦੂਰਈ ਜ਼ਿਲ੍ਹੇ ਦੇ ਮਣੀਨਗਰ ਦੀ ਰਹਿਣ ਵਾਲੀ ਪੂਰਣਾ ਸੁੰਦਰੀ ਨੇ ਯੂਪੀਐਸਸੀ ਦੀ ਪ੍ਰੀਖਿਆ 'ਚ 286ਵਾਂ ਰੈਂਕ ਹਾਸਲ ਕੀਤਾ ਹੈ। ਜਦ ਅਸੀਂ ਪੂਰਣਾ ਦੀ ਕਾਮਯਾਬੀ ਦੇ ਪਿਛੇ ਦੀ ਕਹਾਣੀ ਬਾਰੇ ਪੂਰਣਾ ਸੁੰਦਰੀ ਦੀ ਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੀ ਖੁਸ਼ੀ ਨੇ ਸਭ ਦੇ ਦਿਲਾਂ ਨੂੰ ਜਿੱਤ ਲਿਆ।
ਪੂਰਣਾ ਦੀ ਮਾਂ ਆਵੂਦਾਈ ਦੇਵੀ ਨੇ ਦੱਸਿਆ ਕਿ ਜਦ ਪੂਰਣਾ ਨੇ ਪ੍ਰੀਖਿਆ ਦੇਣੀ ਸੀ ਤਾਂ ਮੈਂ ਉਸ ਦੇ ਨਾਲ ਬੈਂਗਲੁਰੂ ਤੇ ਚੇਨੰਈ ਗਈ ਸੀ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਪੂਰਣਾ ਦੀ ਅਣਥਕ ਕੋਸ਼ਿਸ਼ਾਂ ਕਾਰਨ ਹੀ ਉਸ ਦੀ ਜਿੰਦਗੀ ਰੌਸ਼ਨ ਹੋਈ ਹੈ। ਸਿਵਲ ਸੇਵਾ ਦੀ ਪ੍ਰੀਖਿਆ ਦੇ ਅੰਤਿਮ ਨਤੀਜੀਆਂ ਤੋਂ ਪਹਿਲਾਂ ਮੈਂ ਪੂਰਣਾ ਨੂੰ ਕਿਹਾ ਸੀ ਕਿ ਉਸ ਨੂੰ ਕੜੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਜਦ ਉਸ ਨੇ ਕਿਹਾ ਕਿ ਉਹ ਆਈਏਐਸ ਅਫਸਰ ਬਣ ਗਈ ਤਾਂ ਮੇਰੀਆਂ ਅੱਖਾਂ 'ਚ ਹੰਝੂ ਆ ਗਏ।
ਨੇਤਰਹੀਣ ਹੋਣ ਦੇ ਬਾਵਜੂਦ ਨਹੀਂ ਛੱਡੀ ਪੜਾਈ
ਮਹਿਜ਼ ਪੰਜ ਸਾਲ ਦੀ ਉਮਰ 'ਚ ਪੂਰਣਾ ਨੇਤਰਹੀਣ ਹੋ ਗਈ ਸੀ, ਪਰ ਉਹ ਕੜੀ ਮਿਹਨਤ ਨਾਲ ਪੜਾਈ ਕਰਦੀ ਸੀ। ਜਿਸ ਦੀ ਬਦੌਲਤ ਉਹ ਦੱਸਵੀਂ ਜਮਾਤ ਵਿੱਚ ਸਕੂਲ ਦੀ ਟੌਪਰ ਬਣੀ। ਹੁਣ ਉਹ ਇਸੇ ਸਕੂਲ ਦੀ ਖ਼ਾਸ ਮਹਿਮਾਨ ਹੈ ਤੇ ਰਾਸ਼ਟਰੀ ਝੰਡਾ ਲਹਿਰਾ ਕੇ ਵਿਦਿਆਰਥੀਆਂ ਨੂੰ ਪ੍ਰੇਰਤ ਕਰਦੀ ਹੈ। ਅਸੀਂ ਪੂਰਣਾ ਦੇ ਸਿੱਖਣ ਦੀ ਸਮਰਥਾ ਬਾਰੇ ਜਾਨਣ ਲਈ ਉਸ ਦੇ ਸਕੂਲ ਦੀ ਪ੍ਰਿੰਸੀਪਲ ਸ਼ਾਂਤੀ ਨਾਲ ਗੱਲਬਾਤ ਕੀਤੀ।
ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਪੂਰਣਾ ਇੱਕ ਤੇਜ਼ ਦਿਮਾਗ ਵਾਲੀ ਕੁੜੀ ਹੈ। ਆਪਣੇ ਸਕੂਲ ਪ੍ਰਬੰਧਨ ਵੱਲੋਂ ਉਹ ਅਜਿਹੇ ਵਿਦਿਆਰਥੀਆਂ ਉੱਤੇ ਖ਼ਾਸ ਧਿਆਨ ਦਿੰਦੇ ਹਨ ਤੇ ਉਨ੍ਹਾਂ ਨੂੰ ਪ੍ਰੇਰਤ ਕਰਦੇ ਹਨ। ਅਜਿਹੀ ਹੀ ਖ਼ਾਸ ਵਿਦਿਆਰਥਣ ਪੂਰਣਾ ਸੁੰਦਰੀ ਹੈ। ਉਸ ਨੇ ਆਈਏਐਸ ਬਣਨ ਲਈ ਭਾਰਤ ਦੀ ਸਭ ਤੋਂ ਉੱਚ ਪ੍ਰੀਖਿਆਵਾਂ ਚੋਂ ਇੱਕ ਵਿੱਚ ਸਫਲਤਾ ਹਾਸਲ ਕੀਤੀ ਹੈ,ਉਸ ਦੇ ਨਾਲ-ਨਾਲ ਸਾਡੇ ਲਈ ਵੀ ਇਹ ਮਾਣ ਵਾਲੀ ਗੱਲ ਹੈ।
ਪਰਿਵਾਰ ਦਾ ਸਾਥ ਹੋਣਾ ਹੈ ਜ਼ਰੂਰੀ
ਜਦ ਅਸੀਂ ਪੂਰਣਾ ਦੇ ਪਿਤਾ ਰੂਗੇਸਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਜਵਾਬ ਦਿੱਤਾ ਹਲਾਂਕਿ ਕਿ ਜ਼ਿੰਦਗੀ 'ਚ ਬਹੁਤੇ ਲੋਕ ਸਾਨੂੰ ਪ੍ਰੇਰਤ ਕਰਦੇ ਹਨ, ਪਰ ਸਾਡੇ ਲਈ ਇਹ ਬੇਹਦ ਮਹੱਤਵਪੂਰਣ ਹੈ ਕਿ ਸਾਡਾ ਪਰਿਵਾਰ ਵੀ ਸਾਡਾ ਸਾਥ ਦਵੇ। ਪੂਰਣਾ ਦੇ ਪਿਤਾ ਨੇ ਕਿਹਾ ਕਿ ਅਸੀਂ ਜੋ ਵੀ ਮੁਸ਼ਕਲਾਂ ਝੱਲੀਆਂ ਉਹ ਖੁਸ਼ੀ ਆਉਣ ਦੇ ਨਾਲ ਗਾਇਬ ਹੋ ਗਈਆਂ ਹਨ। ਇਸ ਖੁਸ਼ੀ ਦੀ ਕੋਈ ਬਰਾਬਰੀ ਨਹੀਂ ਹੈ, ਇਸ ਨੂੰ ਹੀ ਪਰਮ ਆਨੰਦ ਕਿਹਾ ਜਾਂਦਾ ਹੈ।
ਟੀਚੇ ਨੂੰ ਹਾਸਲ ਕਰਨ ਦਾ ਭਰੋਸਾ
ਅਸੀਂ ਪੂਰਣਾ ਕੋਲੋਂ ਪੁੱਛਿਆ ਕਿ ਯੂਪੀਐਸਸੀ 'ਚ ਸਫਲਤਾ ਹਾਸਲ ਕਰਨ ਮਗਰੋਂ ਉਸ ਦਾ ਅਗਲਾ ਟੀਚਾ ਕੀ ਹੈ ਤਾਂ ਪੂਰਣਾ ਨੇ ਕਿਹਾ, " ਕੁੜੀ ਅਤੇ ਦਿਵਿਆਂਗ ਹੋਣ ਦੇ ਬਾਵਜੂਦ ਜਿਸ ਨੂੰ ਆਪਣੇ ਪਸੰਦੀਦਾ ਟੀਚੇ ਨੂੰ ਹਾਸਲ ਕਰਨ ਦਾ ਭਰੋਸਾ ਹੈ, ਉਹ ਨਿਸ਼ਚਤ ਤੌਰ 'ਤੇ ਲੋਕਾਂ ਨੂੰ ਪ੍ਰੇਰਤ ਕਰੇਗੀ। ਜਿੰਦਗੀ ਦੇ ਤਿੰਨ ਪਹਿਲੂਆਂ ਯਾਨੀ ਸਿੱਖਿਆ, ਸਵਛਤਾ ਤੇ ਮਹਿਲਾ ਸਸ਼ਕਤੀਕਰਣ ਦੇ ਖ਼ੇਤਰ 'ਚ ਕਾਮਯਾਬੀ ਲਈ ਕੜੀ ਮਿਹਨਤ ਕਰਨੀ ਚਾਹੀਦੀ ਹੈ। ਬਹੁਤ ਸਾਰੀਆਂ ਮੁਸ਼ਕਲਾਂ ਸਾਡੇ ਸਾਹਮਣੇ ਰੁਕਾਵਟਾਂ ਪੈਦਾ ਕਰਦੀਆਂ ਹਨ, ਪਰ ਸਾਨੂੰ ਅੰਦਰੂਨੀ ਸ਼ਕਤੀ ਦੇ ਮੌਕਿਆਂ ਦੀ ਵਰਤੋਂ ਕਰਕੇ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ।
ਤਿੰਨ ਵਾਰ ਨਾਕਾਮ ਹੋਣ ਮਗਰੋਂ ਮਿਲੀ ਸਫਲਤਾ
ਯੂਪੀਐਸਸੀ ਦੀਆਂ ਪ੍ਰੀਖਿਆਵਾਂ 'ਚ ਤਿੰਨ ਵਾਰ ਨਾਕਾਮ ਹੋਣ ਦੇ ਤਜ਼ਰਬੇ ਨੂੰ ਵੀ ਪੂਰਣਾ ਨੇ ਸਾਡੇ ਨਾਲ ਬਖੂਬੀ ਸਾਂਝਾ ਕੀਤਾ। ਪੂਰਣਾ ਨੇ ਦੱਸਿਆ ਕਿ ਇੱਕ ਬੈਂਕ 'ਚ ਨੌਕਰੀ ਕਰਦੇ ਹੋਏ, ਚੌਥੀ ਵਾਰ ਸਫਲਤਾ ਹਾਸਲ ਕਰਨ ਲਈ ਉਸ ਨੇ ਕੜੀ ਮਿਹਨਤ ਜਾਰੀ ਰੱਖੀ।
ਪੂਰਣਾ ਨੇ ਕਿਹਾ, " ਮੈਂ ਜਾਣਦੀ ਸੀ ਕਿ ਮੈਨੂੰ ਲਗਾਤਾਰ ਕੜੀ ਮਿਹਨਤ ਕਰਨੀ ਪਵੇਗੀ। ਮੇਰੀਆਂ ਲਗਾਤਾਰ ਕੋਸ਼ਿਸ਼ਾਂ ਦੀ ਬਦੌਲਤ ਮੈਨੂੰ ਚੌਥੀ ਵਾਰ ਸਫਲਤਾ ਮਿਲੀ। ਅਖ਼ਿਰਕਾਰ ਮੈਂ 286ਵਾਂ ਰੈਂਕ ਲੈ ਕੇ ਪ੍ਰੀਖਿਆ 'ਚ ਸਫਲ ਰਹੀ। ਇਹ ਮੇਰੇ ਲਈ ਬੇਹਦ ਖੁਸ਼ੀ ਦਾ ਪਲ ਹੈ। ਮੇਰੇ ਸੁਭਚਿੰਤਕ ਮੇਰੀ ਸਫਲਤਾ ਨੂੰ ਆਪਣੀ ਜਿੱਤ ਵਾਂਗ ਵੇਖਦੇ ਹਨ।"
ਬਗੈਰ ਕਿਸੇ ਆਰਥਿਕ ਸਹਾਇਤਾ ਤੋਂ ਮਾਤਾ-ਪਿਤਾ ਦੇ ਹੌਸਲੇ, ਦੋਸਤਾਂ ਤੇ ਅਧਿਆਪਕਾਂ ਦੀ ਮਦਦ ਅਤੇ ਅਣਥੱਕ ਮਿਹਨਤ ਨੇ ਪੂਰਣਾ ਸੁੰਦਰੀ ਦੇ ਆਈਏਐਸ ਬਣਨ ਦੇ ਸੁਪਨੇ ਨੂੰ ਹਕੀਕਤ 'ਚ ਬਦਲ ਦਿੱਤਾ।