ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਕਾਰਨ ਵੱਖ-ਵੱਖ ਥਾਵਾਂ 'ਤੇ ਹਜ਼ਾਰਾਂ ਲੋਕ ਆਪਣੇ ਘਰ ਤੋਂ ਦੂਰ ਫਸੇ ਹੋਏ ਹਨ। ਵਿਦੇਸ਼ਾਂ ਤੋਂ ਭਾਰਤ ਆਏ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਪਹੁੰਚਾਉਣ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਤੇ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਲੈ ਰਹੀਆਂ ਹਨ ਪਰ ਕੁੱਝ ਲੋਕ ਅਜਿਹੇ ਵੀ ਹਨ ਜੋ ਆਪਣੇ ਹੀ ਦੇਸ਼ ਵਿੱਚ ਫਸੇ ਹੋਏ ਹਨ ਤੇ ਸਰਕਾਰਾਂ ਉਨ੍ਹਾਂ ਦੀ ਸੁਧ ਨਹੀਂ ਲੈ ਰਹੀਆਂ। ਅਜਿਹਾ ਹੀ ਕਿੱਸਾ ਪੰਜਾਬ ਤੋਂ ਦਿੱਲੀ ਆਏ ਤੇ ਨਹਿਰੂ ਵਿਹਾਰ ਇਲਾਕੇ ਵਿੱਚ ਫਸੇ ਲੋਕਾਂ ਦਾ ਹੈ।
ਦਰਅਸਲ, ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿੱਚ 1 ਅਪ੍ਰੈਲ ਨੂੰ 200 ਤੋਂ ਵੱਧ ਲੋਕ ਦਿੱਲੀ ਸਰਕਾਰ ਵੱਲੋਂ ਨਹਿਰੂ ਵਿਹਾਰ ਵਿੱਚ ਇਕਾਂਤਵਾਸ ਵਿੱਚ ਭੇਜੇ ਗਏ ਸਨ। ਕੰਮਾਂ-ਕਾਰਾਂ ਲਈ ਪੰਜਾਬ ਤੋਂ ਦਿੱਲੀ ਆਏ ਇਹ ਲੋਕ ਤਾਲਾਬੰਦੀ ਹੋਣ ਤੋਂ ਬਾਅਦ ਆਪਣੇ ਘਰਾਂ ਵਿੱਚ ਨਹੀਂ ਜਾ ਸਕੇ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇਨ੍ਹਾਂ ਲੋਕਾਂ ਨੂੰ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਸ਼ਰਨ ਦਿੱਤੀ ਗਈ ਸੀ। 2 ਬੱਸਾਂ ਵਿੱਚ ਲੋਕ ਪੰਜਾਬ ਵਾਪਸ ਵੀ ਭੇਜੇ ਗਏ ਸਨ ਪਰ 200 ਤੋਂ ਵੱਧ ਲੋਕ ਇੱਥੇ ਹੀ ਰਹਿ ਗਏ ਹਨ, ਕਿਉਂਕਿ ਉਨ੍ਹਾਂ ਲਈ ਬੱਸਾਂ ਦਾ ਪ੍ਰਬੰਧ ਨਹੀਂ ਹੋ ਸਕਿਆ। 1 ਅਪ੍ਰੈਲ ਨੂੰ ਇਨ੍ਹਾਂ ਲੋਕਾਂ ਨੂੰ ਦਿੱਲੀ ਸਰਕਾਰ ਨੇ ਨਹਿਰੂ ਵਿਹਾਰ ਇਕਾਂਤਵਾਸ ਵਿਖੇ ਭੇਜ ਦਿੱਤਾ ਸੀ। 14 ਅਪ੍ਰੈਲ ਨੂੰ ਇਨ੍ਹਾਂ ਲੋਕਾਂ ਦਾ ਇਕਾਂਤਵਾਸ ਦਾ ਸਮਾਂ ਪੂਰਾ ਹੋ ਗਿਆ ਪਰ 4 ਦਿਨ ਬੀਤਣ ਤੋਂ ਬਾਅਦ ਵੀ ਕੋਈ ਇਨ੍ਹਾਂ ਦੀ ਸੁਧ ਨਹੀਂ ਲੈ ਰਿਹਾ।
ਈਟੀਵੀ ਭਾਰਤ ਨੂੰ ਕੁਆਰੰਟਾਈਨ ਸੈਂਟਰ 'ਚੋਂ ਕੁੱਝ ਵੀਡੀਓ ਮਿਲੀਆਂ ਹਨ, ਜਿਨ੍ਹਾਂ ਵਿੱਚ ਇਹ ਲੋਕ ਸਰਕਾਰ ਅੱਗੇ ਬੇਨਤੀ ਕਰਦੇ ਨਜ਼ਰ ਆ ਰਹੇ ਹਨ। ਇਹ ਲੋਕ ਵਾਰ-ਵਾਰ ਹੱਥ ਜੋੜ ਕੇ ਸਰਕਾਰ ਅੱਗੇ ਬੇਨਤੀ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਵਾਪਿਸ ਭੇਜਿਆ ਜਾਵੇ।
ਵੀਡੀਓ ਵਿੱਚ ਇਨ੍ਹਾਂ ਲੋਕਾਂ ਨੇ ਕਿਹਾ ਕਿ ਉਨ੍ਹਾਂ ਵਿੱਚ ਬੱਚੇ, ਗਰਭਵਤੀ ਮਹਿਲਾਵਾਂ ਤੇ ਬਜ਼ੁਰਗ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਸਰਕਾਰ ਦੀ ਸਹਾਇਤਾ ਦੀ ਲੋੜ ਹੈ। ਕੁੱਝ ਲੋਕਾਂ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀਆਂ ਕਣਕਾਂ ਅਤੇ ਬੱਚੇ ਰੁਲ ਰਹੇ ਹਨ।
ਇਹ ਵੀ ਪੜ੍ਹੋ: ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਆਪਣੇ ਆਪ ਨੂੰ ਕੀਤਾ ਕੁਆਰੰਟਾਈਨ
ਵੀਡੀਓ ਵਿੱਚ ਲੋਕ ਦਿੱਲੀ ਸਰਕਾਰ ਦੇ ਇੰਤਜ਼ਾਮ ਤੋਂ ਵੀ ਕਾਫ਼ੀ ਨਾਰਾਜ਼ ਨਜ਼ਰ ਆਏ। ਉਨ੍ਹਾਂ ਨੇ ਦਿੱਲੀ ਸਰਕਾਰ 'ਤੇ ਦੋਸ਼ ਲਗਾਏ ਕਿ ਜਿਸ ਥਾਂ 'ਤੇ ਉਨ੍ਹਾਂ ਨੂੰ ਠਹਿਰਾਇਆ ਗਿਆ ਹੈ ਉਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ, ਦਵਾਈਆਂ ਨਹੀਂ ਮਿਲ ਰਹੀਆਂ ਅਤੇ ਗਰਮੀ ਦੇ ਇਸ ਮੌਸਮ ਵਿੱਚ ਮਲੇਰੀਆ, ਡੇਂਗੂ ਵਰਗੀਆਂ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਹੈ। ਸਰਕਾਰ ਦੇ ਵਤੀਰੇ ਤੋਂ ਲੋਕ ਪ੍ਰੇਸ਼ਾਨ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਦਿੱਲੀ ਤੋਂ ਇਨ੍ਹਾਂ ਨੂੰ ਘਰ ਭੇਜਣ ਦਾ ਇੰਤਜ਼ਾਮ ਕੀਤਾ ਜਾਵੇ।
ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਲੋਕਾਂ ਨੂੰ ਵਾਪਸ ਪੰਜਾਬ ਭੇਜਣ ਲਈ ਸਰਕਾਰ ਮਦਦ ਕਰੇ। ਜੇਕਰ ਜ਼ਰੂਰਤ ਪਈ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਬੱਸਾਂ ਵੀ ਮੁਹੱਈਆ ਕਰਵਾ ਦੇਵੇਗੀ।