ਚੰਡੀਗੜ੍ਹ: 'ਪੰਜਾਬ ਇਨੋਵੇਸ਼ਨ ਅਤੇ ਤਕਨਾਲੋਜੀ ਸਮਿੱਟ 2019' ਵਿਚ ਮੁੱਖ ਮਹਿਮਾਨ ਵੱਜੋਂ ਪੁੱਜੇ ਵਿੱਤ ਮੰਤਰੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਾਰੀਆਂ ਸਹੂਲਤਾਂ ਅਤੇ ਢਾਂਚਾ ਉਪਲੱਬਧ ਹੈ ਜਿਸ ਨਾਲ ਕਿ ਖੋਜ, ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅੱਗੇ ਵਧਿਆ ਜਾ ਸਕਦਾ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਖੇਤੀਬਾੜੀ ਅਤੇ ਫੌਜ ਦੇ ਖੇਤਰ 'ਚ ਪੰਜਾਬੀਆਂ ਵੱਲੋਂ ਪਾਏ ਅਹਿਮ ਯੋਗਦਾਨ ਤੋਂ ਬਾਅਦ ਹੁਣ ਸੂਬਾ ਤਕਨਾਲੋਜੀ ਦੇ ਖੇਤਰ 'ਚ ਮੋਹਰੀ ਬਣਨ ਦੀ ਰਾਹ 'ਤੇ ਹੈ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੇਕਰ ਦੁਨੀਆਂ ਦੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਣਾ ਹੈ ਤਾਂ ਪੰਜਾਬ ਨੂੰ ਸਾਇੰਸ, ਤਕਨਾਲੋਜੀ ਅਤੇ ਖੋਜ ਵਿਚ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਪਵੇਗਾ। ਇਸ ਮਕਸਦ ਲਈ ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਕਾਰੋਬਾਰੀਆਂ ਨੂੰ ਪੰਜਾਬ ਇਨੋਵੇਸ਼ਨ ਅਤੇ ਤਕਨਾਲੋਜੀ ਸਮਿੱਟ ਦੇ ਮੰਚ 'ਤੇ ਇਕੱਠਾ ਕੀਤਾ ਗਿਆ ਹੈ ਤਾਂ ਜੋ ਪੰਜਾਬ ਇਸ ਖੇਤਰ 'ਚ ਅੱਵਲ ਬਣੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਭਰਨ ਅਤੇ ਸਰਹੱਦਾਂ ਦੀ ਰਾਖੀ ਕਰਨ ਵਾਲਾ ਪੰਜਾਬ ਹੁਣ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ 'ਚ ਵੀ ਮੋਹਰੀ ਸੂਬੇ ਵੱਜੋਂ ਸਾਹਮਣੇ ਆਵੇਗਾ।
ਇਸ ਦੌਰਾਨ ਵੱਖ-ਵੱਖ ਵਿੱਦਿਅਕ ਸੰਸਥਾਵਾਂ, ਖੋਜ ਸੰਸਥਾਨਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਕੁਲ 18 ਸਮਝੌਤੇ ਵੀ ਸਹੀਬੱਧ ਕੀਤੇ ਗਏ ਜਿਸ ਵਿਚ ਪਲਾਕਸ਼ਾ ਯੂਨੀਵਰਸਿਟੀ ਦਾ ਸਮਝੌਤਾ ਵੀ ਜ਼ਿਕਰੇਖਾਸ ਹੈ ਜੋ ਕਿ ਨਾਲੇਜ ਸਿਟੀ, ਮੋਹਾਲੀ 'ਚ ਸਥਾਪਿਤ ਹੋਣੀ ਹੈ। ਇਸ ਦੇ ਨਾਲ ਹੀ ਆਈ.ਆਈ.ਟੀ ਰੋਪੜ, ਇੰਮਟੈੱਕ ਚੰਡੀਗੜ੍ਹ, ਨਵੀਂ ਦਿੱਲੀ ਦੀ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ, ਡੀਏਵੀ ਯੂਨੀਵਰਸਿਟੀ ਜਲੰਧਰ, ਚਿਤਕਾਰਾ ਯੂਨੀਵਰਸਿਟੀ ਰਾਜਪੁਰਾ, ਬਰਮਿੰਘਮ ਸਿਟੀ ਯੂਨੀਵਰਸਿਟੀ ਆਫ ਯੂ.ਕੇ., ਜੀਐਨਈ ਕਾਲਜ ਲੁਧਿਆਣਾ, ਐਲਪੀਯੂ ਜਲੰਧਰ, ਐਨਆਈਟੀ ਜਲੰਧਰ, ਨਾਇਪਰ, ਟੀਆਈਈਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਲ ਇੰਡੀਆ ਰੀਰੋਲਰ ਐਸੋਸੀਏਸ਼ਨ, ਮੋਹਾਲੀ ਹਾਈ ਟੈੱਕ ਮੈਟਲ ਕਲੱਸਟਰ ਪ੍ਰਾਈਵੇਟ ਲਿਮਟਿਡ, ਚੈਂਬਰ ਆਫ ਇੰਡਸਟਰੀਜ਼ ਐਂਡ ਕਾਮਰਸ ਅੰਡਰਟੇਕਿੰਗ, ਯੂਨਾਇਟਿਡ ਸੂਇੰਗ ਮਸ਼ੀਨ ਅਤੇ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਅਤੇ ਆਟੋਮੋਬਾਇਲ ਇੰਡੀਸਟਰੀ ਐਸੋਸੀਏਸ਼ਨ ਦੇ ਨਾਂ ਸ਼ਾਮਲ ਹਨ।
ਪੰਜਾਬ ਦੇ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ.ਕੇ. ਵਰਮਾ ਨੇ ਵਿਸਥਾਰ ਸਹਿਤ 'ਮਿਸ਼ਨ ਇਨੋਵੇਸ਼ਨ ਪੰਜਾਬ' ਦਾ ਖਾਕਾ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿਚ ਸੂਬੇ 'ਚ ਅਸੀਮ ਸੰਭਾਵਨਾਵਾਂ ਹਨ ਅਤੇ ਬਹੁਤ ਸਾਰੀਆਂ ਸੰਸਥਾਵਾਂ, ਐਸੋਸੀਏਸ਼ਨਾਂ ਅਤੇ ਯੂਨੀਵਰਸਿਟੀਆਂ ਖੋਜ ਕਾਰਜਾਂ, ਵਾਤਾਵਰਣ ਸੰਭਾਲ, ਸਾਇੰਸ ਅਤੇ ਤਕਨਾਲੋਜੀ ਦੇ ਖੇਤਰ 'ਚ ਕਾਰਜ ਕਰਨ ਲਈ ਅੱਗੇ ਆਈਆਂ ਹਨ।