ਨਵੀਂ ਦਿੱਲੀ: 2019 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਗੈਰ-ਗਾਂਧੀ ਪ੍ਰਧਾਨ ਦੇ ਅਧੀਨ ਕੰਮ ਕਰਨ ਲਈ ਤਿਆਰ ਸੀ। ਇਹ ਖੁਲਾਸਾ ਹਾਲ ਹੀ ਵਿੱਚ ਪ੍ਰਕਾਸ਼ਤ ਇੱਕ ਕਿਤਾਬ ਦੁਆਰਾ ਕੀਤਾ ਗਿਆ ਹੈ।
ਰਾਹੁਲ ਗਾਂਧੀ ਨੇ ਇਹ ਵੀ ਕਿਹਾ ਸੀ ਕਿ ਪਾਰਟੀ ਨੂੰ ਅਜਿਹਾ ਪ੍ਰਧਾਨ ਚੁਣਨਾ ਚਾਹੀਦਾ ਹੈ ਜੋ ਗਾਂਧੀ ਪਰਿਵਾਰ ਤੋਂ ਬਾਹਰ ਹੋਵੇ, ਪਰ ਪਿਛਲੇ ਸਾਲ ਅਗਸਤ ਵਿੱਚ ਸੋਨੀਆ ਗਾਂਧੀ ਨੂੰ ਕਾਂਗਰਸ ਦਾ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
ਇਹ ਦਾਅਵਾ ਪ੍ਰਦੀਪ ਛਿੱਬਰ ਅਤੇ ਹਰਸ਼ ਸ਼ਾਹ ਦੀ ਲਿਖੀ ਕਿਤਾਬ ‘ਇੰਡੀਆ ਟੂਮੌਰੋ' ਕਨਵਰਸੇਸ਼ਨ ਵਿਦ ਦ ਨੈਕਸਟ ਜਨਰੇਸ਼ਨ ਆਫ ਪੌਲੀਟੀਕਲ ਲੀਡਰਜ਼’ ਵਿੱਚ ਕੀਤਾ ਗਿਆ ਹੈ।
ਕਿਤਾਬ ਵਿੱਚ ਪ੍ਰਿਯੰਕਾ ਦੇ ਇੱਕ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ, "ਜੇਕਰ ਕੋਈ ਹੋਰ ਪਾਰਟੀ ਪ੍ਰਧਾਨ ਬਣਦਾ ਹੈ ਤਾਂ ਉਹ ਮੇਰਾ ਬੌਸ ਹੋਵੇਗਾ। ਜੇ ਉਹ ਕੱਲ ਮੈਨੂੰ ਦੱਸਦੇ ਹਨ ਕਿ ਉਹ ਮੈਨੂੰ ਉੱਤਰ ਪ੍ਰਦੇਸ਼ ਵਿੱਚ ਨਹੀਂ ਅੰਡੇਮਾਨ ਅਤੇ ਨਿਕੋਬਾਰ ਵਿੱਚ ਚਾਹੁੰਦੇ ਹਨ ਤਾਂ ਮੈਂ ਖੁਸ਼ੀ-ਖੁਸ਼ੀ ਅੰਡੇਮਾਨ ਅਤੇ ਨਿਕੋਬਾਰ ਜਾਵਾਂਗੀ।"
ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਿਯੰਕਾ ਗਾਂਧੀ ਨੇ ਆਪਣੀ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਇੱਕ ਗੈਰ-ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਪ੍ਰਿਯੰਕਾ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਪਾਰਟੀ ਨੂੰ ਵੀ ਆਪਣਾ ਰਸਤਾ ਲੱਭਣਾ ਚਾਹੀਦਾ ਹੈ।"
ਹਾਲਾਂਕਿ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਇੰਟਰਵਿਊ ਪਿਛਲੇ ਸਾਲ ਰਾਹੁਲ ਗਾਂਧੀ ਦੇ ਅਸਤੀਫਾ ਦੇਣ ਤੋਂ ਬਾਅਦ ਦਿੱਤੀ ਗਈ ਸੀ ਪਰ ਹੁਣ ਸਥਿਤੀ ਵੱਖਰੀ ਹੈ।
ਕਾਂਗਰਸ ਨੇ 11 ਅਗਸਤ ਨੂੰ ਸੰਕੇਤ ਦਿੱਤੇ ਸੀ ਕਿ ਰਾਹੁਲ ਗਾਂਧੀ ਨੇੜਲੇ ਭਵਿੱਖ ਵਿੱਚ ਪਾਰਟੀ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਨਾ ਝਿਜਕਣ। ਇਸ ਦੇ ਨਾਲ ਹੀ ਪਾਰਟੀ ਨੇ ਉਨ੍ਹਾਂ ਨੂੰ ਰਾਜਸਥਾਨ ਸੰਕਟ ਦੇ ਹੱਲ ਦਾ ਸਿਹਰਾ ਵੀ ਦਿੱਤਾ।
ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜ਼ਰੀਏ, ਜਦੋਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੂੰ ਯਾਦ ਦਿਵਾਇਆ ਗਿਆ ਕਿ ਰਾਹੁਲ ਨੇ ਪ੍ਰਧਾਨਗੀ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਉਨ੍ਹਾਂ ਕਿਹਾ, "ਮੈਨੂੰ ਨਹੀਂ ਲਗਦਾ ਕਿ ਮੈਂ ਜਾਂ ਤੁਸੀਂ ਕਿਸੇ ਨੇ ਹਾਲ ਹੀ ਵਿੱਚ ਰਾਹੁਲ ਗਾਂਧੀ ਨਾਲ ਇਸ ਮੁੱਦੇ 'ਤੇ ਗੱਲ ਨਹੀਂ ਕੀਤੀ ਹੈ।"
ਸੁਰਜੇਵਾਲ ਨੇ ਅੱਗੇ ਕਿਹਾ, "ਮੈਂ ਭਵਿੱਖ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਮੈਨੂੰ ਯਕੀਨ ਹੈ ਕਿ ਕੁਝ ਚੀਜ਼ਾਂ ਚੰਗੀਆਂ ਹੋਣਗੀਆਂ।"