ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ਨੂੰ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਗਿਆ ਹੈ ਜੋ ਕਿ 19 ਸਤੰਬਰ 2018 ਤੋਂ ਲਾਗੂ ਮੰਨਿਆ ਜਾਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਾਜਸਭਾ ਨੇ ਮੁਸਲਿਮ ਮਹਿਲਾ ਬਿੱਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਸੀ।
ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ 19 ਸਤੰਬਰ 2018 ਤੋਂ ਬਾਅਦ ਤਿੰਨ ਤਲਾਕ ਨਾਲ ਸਬੰਧਤ ਜਿੰਨੇ ਵੀ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਦਾ ਨਿਪਟਾਰਾ ਇਸੇ ਕਾਨੂੰਨ ਤਹਿਤ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਰਾਜਸਭਾ 'ਚ ਬਿੱਲ ਦੇ ਪੱਖ 'ਚ 99 ਅਤੇ ਵਿਰੋਧ 'ਚ 84 ਵੋਟਾਂ ਪਈਆਂ ਸਨ। ਇਸ ਬਿੱਲ ਦੇ ਰਾਜਸਭਾ 'ਚ ਪਾਸ ਹੋਣ ਤੋਂ ਬਾਅਦ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਇਸ ਨੂੰ ਇਤਿਹਾਸਕ ਦਿਨ ਦੱਸਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਟਵੀਟ ਕਰਕੇ ਸਾਰੇ ਸਾਂਸਦਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਸੀ ਕਿ ਤਿੰਨ ਤਲਾਕ ਬਿੱਲ ਪਾਸ ਹੋਣਾ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ 'ਚ ਇੱਕ ਵੱਡਾ ਕਦਮ ਹੈ।