ਨਵੀਂ ਦਿੱਲੀ: 30 ਜਨਵਰੀ ਸਾਲ 1948 ਦਾ ਕਹਿਣ ਨੂੰ ਤਾਂ ਸਾਲ ਦੇ ਹੋਰਨਾਂ ਦਿਨਾਂ ਵਾਂਗ ਹੀ ਸੀ, ਪਰ ਸ਼ਾਮ ਹੁੰਦੇ ਹੀ ਇਹ ਦਿਨ ਦੁੱਖਦ ਇਤਿਹਾਸ ਬਣ ਗਿਆ। 30 ਜਨਵਰੀ 1948 ਨੂੰ ਨੰਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕਰ ਦਿੱਤਾ ਸੀ।
ਅਹਿੰਸਾ ਨੂੰ ਆਪਣਾ ਹਥਿਆਰ ਬਣਾ ਦੇਸ਼ ਨੂੰ ਆਜ਼ਾਦੀ ਦਵਾਉਣ ਵਾਲੇ ਅਹਿੰਸਾ ਦੇ ਪੁਜਾਰੀ ਖ਼ੁਦ ਹਿੰਸਾ ਦੇ ਸ਼ਿਕਾਰ ਬਣ ਗਏ। ਉਸ ਸ਼ਾਮ ਮਹਾਤਮਾ ਗਾਂਧੀ ਪ੍ਰਾਰਥਨਾ ਲਈ ਜਾ ਰਹੇ ਸੀ, ਉਸ ਵੇਲੇ ਗੌਡਸੇ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਮਹਾਤਮਾ ਗਾਂਧੀ ਨੇ ਆਪਣੇ ਆਖ਼ਰੀ ਸਮੇਂ 'ਹੇ ਰਾਮ' ਕਹਿ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਮਹਾਤਮਾ ਗਾਂਧੀ ਦੁਨੀਆ ਭਰ 'ਚ ਆਪਣੇ ਅਹਿੰਸਾਵਾਦੀ ਵਿਚਾਰਾਂ ਕਾਰਨ ਜਾਣੇ ਜਾਂਦੇ ਹਨ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਸ਼ਰਧਾਂਜਲੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਹਾਤਮਾ ਗਾਂਧੀ ਦੀ ਬਰਸੀ 'ਤੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਆਦਰਸ਼ਾਂ, ਅਹਿੰਸਾ, ਸਾਦਗੀ ਦੀ ਪਾਲਣਾ ਕਰਨੀ ਚਾਹੀਦੀ ਹੈ। ਅਸੀ ਉਨ੍ਹਾਂ ਦੇ ਸੱਚਾਈ ਅਤੇ ਪਿਆਰ ਦੇ ਮਾਰਗ 'ਤੇ ਚੱਲਣ ਦਾ ਵਾਅਦਾ ਕਰਦੇ ਹਾਂ।
ਪੀਐਮ ਮੋਦੀ ਨੇ ਦਿੱਤੀ ਸ਼ਰਧਾਂਜਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾਂ ਗਾਂਧੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, "ਮਹਾਨ ਬਾਪੂ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ। ਉਨ੍ਹਾਂ ਦੇ ਵਿਚਾਰ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਸ਼ਹੀਦ ਦਿਵਸ ਮੌਕੇ ਅਸੀਂ ਉਨ੍ਹਾਂ ਸਾਰੇ ਹੀ ਮਹਾਨ ਮਹਿਲਾਵਾਂ ਅਤੇ ਪੁਰਸ਼ਾ ਦੀਆਂ ਬਹਾਦਰੀ ਤੇ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਆਪ ਨੂੰ ਭਾਰਤ ਦੀ ਆਜ਼ਾਦੀ ਅਤੇ ਭਾਰਤੀ ਦੀ ਭਲਾਈ ਲਈ ਸਮਰਪਿਤ ਕੀਤਾ।"
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਸ਼ਰਧਾਂਜਲੀ
ਗ੍ਰਹਿ ਮੰਤਰੀ ਨੇ ਮਹਾਤਮਾ ਗਾਂਧੀ ਦੀ ਬਰਸੀ 'ਤੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।